8.9 C
United Kingdom
Saturday, April 19, 2025

More

    ਸਕਾਟਲੈਂਡ: ਗਲਾਸਗੋ ਮੇਲੇ ‘ਚ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਮੇਲੀ

    ਪੰਜਾਬ ਦੇ ਮੇਲੇ ਦੀ ਤਸਵੀਰ ਪੇਸ਼ ਕਰਦਾ ਸੀ ਗਲਾਸਗੋ ਮੇਲਾ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਮੇਲਾ ਸ਼ਬਦ ਜ਼ਿਹਨ ਵਿੱਚ ਆਉਂਦਿਆਂ ਹੀ ਕੰਨਾਂ ਨੂੰ ਢੋਲ ਦੀਆਂ ਤਾਲਾਂ ਸੁਣਨ ਲਗਦੀਆਂ ਹਨ। ਗਿੱਧੇ ਦੇ ਪਿੜ ‘ਚ ਤਾੜੀਆਂ ਤੇ ਭੰਗੜੇ ‘ਚ ਲਲਕਾਰੇ ਵੱਜਦੇ ਪ੍ਰਤੀਤ ਹੁੰਦੇ ਹਨ। ਇਹੋ ਜਿਹੀਆਂ ਸੁਪਨਮਈ ਗੱਲਾਂ ਨੂੰ ਹਕੀਕਤ ‘ਚ ਬਦਲਣ ਦਾ ਸਬੱਬ ਬਣਿਆ “ਗਲਾਸਗੋ ਮੇਲਾ”। ਕੋਰੋਨਾ ਕਾਰਨ ਪਿਛਲੇ ਦੋ ਸਾਲ ਤੋਂ ਲਗਾਤਾਰ ਮੁਲਤਵੀ ਹੁੰਦਾ ਰਿਹਾ ਮੇਲਾ ਇਸ ਵਾਰ ਸਾਰਾ ਦਿਨ ਮੀਂਹ ਪੈਣ ਦੇ ਬਾਵਜੂਦ ਵੀ ਖੂਬ ਭਰਿਆ। ਜ਼ਿਕਰਯੋਗ ਹੈ ਕਿ ਯੂਰਪੀਅਨ ਸਿਟੀ ਆਫ ਕਲਚਰ ਦੇ ਮਾਣ ਦੇ ਹਿੱਸੇ ਵਜੋਂ 1990 ‘ਚ ਪਹਿਲੀ ਵਾਰ ਗਲਾਸਗੋ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਗਲਾਸਗੋ ਦੇ ਕੈਲਵਿਨਗਰੋਵ ਪਾਰਕ ਵਿੱਚ ਹੋਏ ਇਸ ਮੇਲੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਲੋਕਾਂ ਨੇ ਹੁੰਮ ਹੁਮਾ ਕੇ ਸ਼ਿਰਕਤ ਕੀਤੀ। ਗਲਾਸਗੋ ਲਾਈਫ ਅਤੇ ਗਲਾਸਗੋ ਸਿਟੀ ਕੌਂਸਲ ਦੇ ਵਿਸ਼ੇਸ਼ ਯਤਨਾਂ ਨਾਲ ਹੋਏ ਇਸ ਮੇਲੇ ਵਿੱਚ ਜਿੱਥੇ ਗਲਾਸਗੋ ਸਿਤਾਰੇ ਗਰੁੱਪ ਵੱਲੋਂ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਉੱਥੇ ਮਹਿਕ ਪੰਜਾਬ ਦੀ ਗਿੱਧਾ ਗਰੁੱਪ ਵੱਲੋਂ ਆਪਣੀ ਪੇਸ਼ਕਾਰੀ ਰਾਹੀਂ ਸਮਾਂ ਬੰਨ੍ਹ ਕੇ ਰੱਖ ਦਿੱਤਾ ਤੇ ਖੂਬ ਤਾੜੀਆਂ ਬਟੋਰੀਆਂ। ਇਸ ਮੇਲੇ ਵਿੱਚ ਸਕਾਟਲੈਂਡ ਦੇ ਜੰਮਪਲ ਭੁਝੰਗੀ ਸਿੰਘ ਸਿੰਘਣੀਆਂ ਵੱਲੋਂ ਵਿਕਰਮ ਸਿੰਘ ਦੀ ਅਗਵਾਈ ਹੇਠ ਗੱਤਕੇ ਦੀ ਲਾਜਵਾਬ ਕਲਾ ਦਾ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਮੇਲੇ ਦਾ ਬਹੁਤਾਤ ਇਕੱਠ ਆਪਣੀ ਝੋਲੀ ਪੁਆ ਲਿਆ। ਕਲਾਸੀਕਲ ਨ੍ਰਿਤ, ਵੱਖ ਵੱਖ ਸਾਜ਼ਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਕੱਵਾਲੀ ਦੇ ਪ੍ਰੋਗਰਾਮ ਨੂੰ ਇਸ ਮੇਲੇ ਦਾ ਸਿਖਰ ਕਿਹਾ ਜਾ ਸਕਦਾ ਹੈ। ਪੰਜਾਬ ਦੇ ਕਿਸੇ ਮੇਲੇ ਦਾ ਭੁਲੇਖਾ ਪਾਉਂਦੇ ਗਲਾਸਗੋ ਮੇਲੇ ਵਿੱਚ ਜਿੱਥੇ ਬੱਚਿਆਂ ਨੇ ਚੰਡੋਲਾਂ ਝੂਲਿਆਂ ਦਾ ਆਨੰਦ ਮਾਣਿਆ ਉੱਥੇ ਗਹਿਣਿਆਂ, ਕੱਪੜਿਆਂ ਦੀਆਂ ਦੁਕਾਨਾਂ ‘ਤੇ ਵੀ ਭਾਰੀ ਰੌਣਕ ਰਹੀ। ਬੇਸ਼ੱਕ ਸਾਰੇ ਮੇਲੇ ਵਿੱਚ ਹੀ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਪਰ ਨੌਜਵਾਨ ਗਾਇਕ ਜੈਜ਼ ਧਾਮੀ ਦੀ ਆਖਰੀ ਪੇਸ਼ਕਾਰੀ ਤੱਕ ਦਰਸ਼ਕਾਂ ਮੇਲੀਆਂ ਦਾ ਠਾਠਾਂ ਮਾਰਦਾ ਇਕੱਠ ਜੁੜਿਆ ਰਿਹਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!