ਜਸਵੀਰ ਸਿੰਘ ਮੌੜ ਇਕਾਈ ਦੇ ਬਣਾਏ ਪ੍ਰਧਾਨ
ਤਲਵੰਡੀ ਸਾਬੋ (ਰੇਸ਼ਮ ਸਿੰਘ ਦਾਦੂ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੀ ਪਿੰਡ ਇਕਾਈ ਤਲਵੰਡੀ ਸਾਬੋ ਦੀ ਕਾਰਜਕਾਰੀ ਇਕਾਈ ਭੰਗ ਕਰਕੇ ਸਥਾਈ ਕਮੇਟੀ ਜ਼ਿਲ੍ਹਾ ਬਠਿੰਡਾ ਦੇ ਆਗੂ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿਚ ਚੁਣੀ ਗਈ। ਜ਼ਿਲ੍ਹਾ ਆਗੂ ਨੇ ਸੰਬੋਧਨ ਕਰਦੇ ਹੋਏ ਜਥੇਬੰਦ ਲੋਕਾਂ ਦੀ ਤਾਕਤ ਬਾਰੇ ਜਾਣੂ ਕਰਵਾਇਆ ਤੇ ਸਮੁੱਚੀ ਤਲਵੰਡੀ ਸਾਬੋ ਦੀ ਇਕਾਈ ਨੂੰ ਹੋਰ ਮਜ਼ਬੂਤ ਕਰਨ ਲਈ ਪਹਿਲਾਂ ਨਾਲੋਂ ਵੱਧ ਚੜ੍ਹਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਬਲਾਕ ਆਗੂ ਕੁਲਵਿੰਦਰ ਸਿੰਘ ਗਿਆਨਾ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਨਵੀਂ ਕਮੇਟੀ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖ ਸਕੇ। ਪਿੰਡ ਤਲਵੰਡੀ ਸਾਬੋ ਦੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਮੌੜ, ਮੀਤ ਪ੍ਰਧਾਨ ਰਾਜਿੰਦਰ ਸਿੰਘ, ਖੇਤਾ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਖਜਾਨਚੀ, ਹਰਬੰਸ ਸਿੰਘ ਜਰਨਲ ਸਕੱਤਰ, ਬਲਜੀਤ ਸਿੰਘ ਸਹਾਇਕ ਸਕੱਤਰ ਤੇ ਪ੍ਰੈਸ ਸਕੱਤਰ ਅਮਨਪ੍ਰੀਤ ਸਿੰਘ ਸਹਿਤ 25 ਮੈਬਰੀ ਕਮੇਟੀ ਚੁਣੀ ਗਈ । ਇਸ ਸਮੇਂ ਤਲਵੰਡੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਮੌੜ ਨੇ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪਿੰਡ ਇਕਾਈ ਨੂੰ ਹੋਰ ਮਜ਼ਬੂਤ ਕਰਨ ਤੇ ਕਿਸਾਨਾਂ ਦੇ ਹੱਕਾਂ ਲਈ ਲੜਨ ਦਾ ਅਹਿਦ ਦੁਹਰਾਇਆ।
