ਵਾਲਸਾਲ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਸ਼ਹਿਰ ਵਾਲਸਾਲ ਦੇ ਗੁਰਦੁਆਰਾ ਸਾਹਿਬ ਵਿਖੇ ਐੱਨ ਆਰ ਆਈ ਏਕਤਾ ਗਰੁੱਪ ਵੱਲੋਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਸੰਸਥਾ ਦੇ ਬਾਨੀ ਸੰਚਾਲਕ ਅਵਤਾਰ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਦੌਰਾਨ ਵਕੀਲ ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਵੱਲੋਂ ਸਾਰਾ ਦਿਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਯੋਗ ਹੱਲ ਲਈ ਰਾਇ ਮਸ਼ਵਰਾ ਦਿੱਤਾ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਜ਼ਮੀਨ ਜਾਇਦਾਦ ਸੰਬੰਧੀ ਕਾਨੂੰਨ, ਪਰਿਵਾਰਕ ਮਸਲੇ, ਓ ਸੀ ਆਈ ਕਾਰਡ ਨਾਲ ਸਬੰਧਤ ਸਮੱਸਿਆਵਾਂ, ਵਸੀਅਤਨਾਮਾ, ਮੁਖਤਿਆਰਨਾਮਾ, ਪੈਨ ਕਾਰਡ, ਪਾਸਪੋਰਟ ਅਤੇ ਹੋਰ ਅਦਾਲਤੀ ਮਾਮਲਿਆਂ ਬਾਰੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕੀਤੀਆਂ ਗਈਆਂ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਆਸਟ੍ਰੇਲੀਆ ਤੋਂ ਪ੍ਰਸਿੱਧ ਲੇਖਕ, ਪੇਸ਼ਕਾਰ ਦਲਵੀਰ ਸੁਮਨ ਹਲਵਾਰਵੀ ਵੱਲੋਂ ਐੱਨ ਆਰ ਆਈ ਏਕਤਾ ਗਰੁੱਪ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੀ ਝੋਲੀ ਵਿਚਲਾ ਗਿਆਨ ਕਿਸੇ ਨੂੰ ਵੰਡਣਾ ਸਭ ਤੋਂ ਉੱਤਮ ਕਾਰਜ ਹੈ। ਗਰੁੱਪ ਦੇ ਸੰਚਾਲਕ ਤੇ ਸਹਿਯੋਗੀ ਸਾਥੀ ਵਧਾਈ ਦੇ ਪਾਤਰ ਹਨ, ਜਿਹੜੇ ਇਸ ਨੇਕ ਕਾਰਜ ਨੂੰ ਅੰਜਾਮ ਦੇ ਰਹੇ ਹਨ।
