
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਜਿਕਰਯੋਗ ਹੈ ਕਿ ਪਾਰਲੀਮੈਂਟ ਵਿੱਚ ਕੌਮਨਵੈਲਥ ਡਿਬੇਟ ਦੌਰਾਨ ਸਕਾਟਲੈਂਡ ਦੇ ਕੋਰਟ ਬਰਿੱਜ, ਕਰਿਸਟਨ ਅਤੇ ਬੈੱਲ ਸ਼ਿਲ ਤੋਂ ਸ਼ਕਾਟਿਸ ਨੈਸ਼ਨਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸਟੀਵਨ ਬੋਨਰ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਅਧੀਨ ਬਸਤੀਵਾਦ ਦੇ ਪਰਦੇ ਪਿੱਛੇ ਗੈਰ ਬਰਤਾਨਵੀ ਲੋਕਾਂ ਨਾਲ ਜਿੱਥੇ ਦੁਰਵਿਵਹਾਰ ਕੀਤਾ ਜਾਂਦਾ ਰਿਹਾ ਹੈ ਉੱਥੇ ਹਰ ਤਰ੍ਹਾਂ ਦੇ ਸ਼ੋਸ਼ਣ ਦੀਆਂ ਹੱਦਾਂ ਪਾਰ ਹੁੰਦੀਆਂ ਰਹੀਆਂ। ਉਹਨਾਂ ਨੇ ਵਿਸ਼ੇਸ਼ ਤੌਰ ‘ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ 1919 ‘ਚ ਹੋਏ ਜਲ੍ਹਿਆਂ ਵਾਲਾ ਬਾਗ ਦੇ ਸਮੂਹਿਕ ਕਤਲੇਆਮ ਬਾਰੇ ਬਰਤਾਨਵੀ ਪਾਰਲੀਮੈਂਟ ਵਿੱਚ ਰਸਮੀ ਮੁਆਫ਼ੀ ਮੰਗੇ ਜਾਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸ਼ਾਂਤੀ ਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਨਿਹੱਥੇ ਮਰਦਾਂ, ਔਰਤਾਂ ਤੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦੇਣਾ ਬੇਹੱਦ ਕਰੂਰ ਕਾਰਵਾਈ ਸੀ। 100 ਸਾਲ ਤੋਂ ਵਧੇਰੇ ਸਮਾਂ ਬੀਤਣ ਦੇ ਬਾਵਜੂਦ ਵੀ ਬਰਤਾਨਵੀ ਸਰਕਾਰ ਕੋਲ਼ੋਂ ਇਸ ਅਣਮਨੁੱਖੀ ਵਰਤਾਰੇ ਖਿਲਾਫ ਹਮਦਰਦੀ ਦੇ ਬੋਲ ਨਹੀਂ ਸਰੇ। ਉਹਨਾਂ ਬਰਤਾਨਵੀ ਸਰਕਾਰ ਨੂੰ ਅਪੀਲ ਕੀਤੀ ਕਿ ਬਰਤਾਨਵੀ ਸਾਮਰਾਜ ਦੌਰਾਨ ਬੇਕਸੂਰ ਲੋਕਾਂ ‘ਤੇ ਢਾਹੇ ਜ਼ੁਲਮਾਂ ਦੇ ਪਸ਼ਚਾਤਾਪ ਵਜੋਂ ਰਸਮੀ ਮੁਆਫ਼ੀ ਮੰਗ ਕੇ ਜਿੰਮੇਵਾਰੀ ਦਾ ਸਬੂਤ ਦਿੱਤਾ ਜਾਵੇ। ਐੱਮ ਪੀ ਸਟੀਵਨ ਬੋਨਰ ਵੱਲੋਂ ਇਸ ਮੁੱਦੇ ਨੂੰ ਉਭਾਰਨਾ ਬਰਤਾਨੀਆਂ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ। ਜਿਕਰਯੋਗ ਹੈ ਕਿ ਬਰਤਾਨਵੀ ਸਾਮਰਾਜ ਦੌਰਾਨ ਪੰਜਾਬੀ ਬੋਲਦੇ ਲੋਕਾਂ ‘ਤੇ ਢਾਹੇ ਜ਼ੁਲਮਾਂ ਦੀ ਮੁਆਫ਼ੀ ਮੰਗਣ ਲਈ ਮੁਹਿੰਮਾਂ ਵੱਖ ਵੱਖ ਧਿਰਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ। ਇਸੇ ਮੁੱਦੇ ਨਾਲ ਸੰਬੰਧਿਤ ਦਸਤਖਤੀ ਮੁਹਿੰਮ ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਵੱਲੋਂ ਵੀ ਵਿੱਢੀ ਹੋਈ ਹੈ। ਜਿਸ ਤਹਿਤ ਐਪ ਰਾਹੀ ਆਪਣੇ ਇਲਾਕੇ ਦੇ ਮੈਂਬਰ ਪਾਰਲੀਮੈਂਟ ਨੂੰ ਈਮੇਲ ਕੀਤੇ ਜਾਣ ਦਾ ਪ੍ਰਬੰਧ ਹੈ। ਈਮੇਲ ਵਿੱਚ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਕੀਤੀ ਗਈ ਹੈ ਕਿ ਬਰਤਾਨਵੀ ਸੰਸਦ ਵਿੱਚ ਮੁਆਫ਼ੀ ਦੀ ਮੰਗ ਨੂੰ ਲੋਕਾਂ ਦੀ ਆਵਾਜ਼ ਬਣ ਕੇ ਪਹੁੰਚਾਵੇ। ਇਸੇ ਮੁਹਿੰਮ ਤਹਿਤ ‘ਪੰਜ ਦਰਿਆ’ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਤੇ ਗਾਇਕ ਕਰਮਜੀਤ ਮੀਨੀਆਂ ਦੀ ਅਗਵਾਈ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਇੱਕ ਰੋਜ਼ਾ ਕੈਂਪ ਲਗਾ ਕੇ ਸੰਗਤਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮੈਂਬਰ ਪਾਰਲੀਮੈਂਟਾਂ ਨੂੰ ਸੈਂਕੜਿਆਂ ਦੀ ਤਾਦਾਦ ਵਿੱਚ ਈਮੇਲਾਂ ਵੀ ਕਰਵਾਈਆਂ ਸਨ। ਇਸ ਸਬੰਧੀ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੇ ਕਿਹਾ ਕਿ ਸਕਾਟਲੈਂਡ ਦੀ ਧਰਤੀ ਤੋਂ ਐੱਮ ਪੀ ਸਟੀਵਨ ਬੋਨਰ ਦੇ ਰੂਪ ਵਿੱਚ ਉੱਠੀ ਆਵਾਜ਼ ਸਮੂਹ ਪੰਜਾਬੀਆਂ ਦੀ ਆਵਾਜ਼ ਹੈ। ਉਹਨਾਂ ਕਿਹਾ ਕਿ ਈਮੇਲ ਦੇ ਰੂਪ ਵਿੱਚ ਆਪਣਾ ਵਿਰੋਧ ਮੈਂਬਰ ਪਾਰਲੀਮੈਂਟ ਕੋਲ ਪਹੁੰਚਾਉਣ ਲਈ ਸਕਾਟਲੈਂਡ ਦਾ ਪੰਜਾਬੀ ਭਾਈਚਾਰਾ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਚੇਤਨਾ ਬੋਰਡ ਵੱਲੋਂ ਇਸ ਰਸਮੀ ਮੁਆਫ਼ੀ ਦੀ ਮੰਗ ਦੇ ਨਾਲ ਨਾਲ ਯੂਕੇ ਦੇ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਕਰਨ ਦੀ ਮੰਗ ਵੀ ਰੱਖੀ ਗਈ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਇਸ ਈਮੇਲ ਦਸਤਖਤੀ ਮੁਹਿੰਮ ਵਿੱਚ ਹੋਰ ਵਧੇਰੇ ਜੋਸ਼ ਨਾਲ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।