ਚੰਡੀਗੜ੍ਹ (ਪੰਜ ਦਰਿਆ ਬਿਊਰੋ) ਮਸ਼ਹੂਰ ਪੰਜਾਬੀ ਗਾਇਕ ਰਣਬੀਰ ਨੇ ਐਲਬਮ ‘ਵਾਕਿੰਗ ਅਲੋਨ’ ਦਾ ਆਪਣਾ ਪਹਿਲਾ ਵੀਡੀਓ ਗੀਤ ‘ਆਦੀ ਵੇ’ ਲਾਂਚ ਕੀਤਾ ਹੈ। ਜਿ਼ਕਰਯੋਗ ਹੈ ਕਿ ਸ੍ਰੋਤਿਆਂ ਵੱਲੋਂ ਇਸ ਐਲਬਮ ਦਾ ਬੇਹੱਦ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬਹੁਤ ਹੀ ਮਿਹਨਤ ਤੇ ਲਗਨ ਨਾਲ ਸਿ਼ੰਗਾਰੀ ਇਸ ਐਲਬਮ ਬਾਰੇ “ਪੰਜ ਦਰਿਆ” ਨਾਲ ਗੱਲਬਾਤ ਦੌਰਾਨ ਗਾਇਕ ਰਣਬੀਰ ਨੇ ਕਿਹਾ ਕਿ “ਐਲਬਮ ਦਾ ਹਰ ਗੀਤ ਮੇਰੇ ਦਿਲ ਦੇ ਕਰੀਬ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਇਸਦੀ ਸਫਲਤਾ ਅਤੇ ਪਿਆਰ ਦਰਸ਼ਕਾਂ ਤੋਂ ਉਸੇ ਤਰ੍ਹਾਂ ਹੀ ਮਿਲੇਗਾ ਜਿਵੇਂ ਕਿ ‘ਕਦੇ ਤਾਂ ਤੂੰ ਅਵੇਂਗਾ’ ਗੀਤ ਲਈ ਮਿਿਲਆ ਸੀ।” ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮਾਲਵੇ ਦੀ ਧੁੰਨੀ ਮੰਨੇ ਜਾਂਦੇ ਫਰੀਦਕੋਟ ਵਿੱਚ ਜਨਮੇ ਗਾਇਕ ਰਣਬੀਰ ਨੇ ਗਾਇਕ ਵਜੋਂ ਆਪਣੀ ਪਹਿਲੀ ਪਾਰੀ 2016 ਵਿੱਚ ਗੀਤ “ਫਾਦਰ ਸਾਬ੍ਹ” ਨਾਲ ਸ਼ੁਰੂ ਕੀਤੀ ਸੀ। ਭਾਰਤ ਦੀ ਨਾਮੀ ਕੰਪਨੀ “ਟੀ-ਸੀਰੀਜ” ਵੱਲੋਂ ਪੇਸ਼ ਕੀਤੇ ਇਸ ਗੀਤ ਨੂੰ ਸ੍ਰੋਤਿਆਂ ਵੱਲੋਂ ਰੱਜਵਾਂ ਮਾਣ ਮਿਿਲਆ ਸੀ। ਰਣਬੀਰ ਨੇ ਆਪਣੀ ਮੁੱਢਲੀ ਵਿੱਦਿਆ ਫਰੀਦਕੋਟ ਤੋਂ ਹੀ ਹਾਸਲ ਕੀਤੀ ਹੋਈ ਹੈ। ਰਣਬੀਰ ਨੇ ਸੰਗੀਤ ਤੇ ਗਾਇਨ ਕਲਾ ਦੀਆਂ ਬਾਰੀਕੀਆਂ ਪੰਜਾਬੀ ਸੰਗੀਤ ਜਗਤ ਵਿੱਚ ਸਤਿਕਾਰਤ ਸਥਾਨ ਹਾਸਲ ਗਾਇਕ ਕੁਲਵਿੰਦਰ ਕੰਵਲ ਜੀ ਕੋਲੋਂ ਹਾਸਲ ਕੀਤੀਆਂ ਹੋਈਆਂ ਹਨ। ਇਸ ਐਲਬਮ ਵਿੱਚ ਚਾਰ ਗੀਤ ਹਨ, ਜਿਨ੍ਹਾਂ ਵਿੱਚ ਆਦੀ ਵੇ, ਆਈਬ੍ਰੋ, ਪਿਲੋਅ ਟਾਕਸ, ਟੇਕ ਕੇਅਰ ਸ਼ਾਮਲ ਹਨ। ਸਾਰੇ ਗੀਤ ਰਣਬੀਰ ਦੁਆਰਾ ਗਾਏ ਗਏ ਹਨ ਜਦੋਂ ਕਿ ਦੋ ਗੀਤ ਆਈਬ੍ਰੋ ਅਤੇ ਆਦੀ ਵੇ, ਗਾਇਕ ਦੁਆਰਾ ਖੁਦ ਲਿਖੇ ਗਏ ਹਨ। ਕ੍ਰੈਡਿਟ ਦੀ ਗੱਲ ਕਰੀਏ ਤਾਂ ਸੰਗੀਤ ਅਰਪਨ ਬਾਵਾ, ਜੈਜ਼ ਡੀ, ਮੂਡ ਮਕੈਨਿਕ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਬੋਲ ਅੱਕੂ ਅਤੇ ਯੁਵਰਾਜ ਸੰਧੂ ਦੁਆਰਾ ਲਿਖੇ ਗਏ ਹਨ। ਸੋਸ਼ਲ ਮੀਡੀਆ ਪ੍ਰੋਮੋਸ਼ਨ Cross Media Production ਦੁਆਰਾ ਕੀਤੇ ਜਾਂਦੇ ਹਨ। ਗਾਇਕ ਨੇ ਇੱਕ ਲਾਂਚ ਈਵੈਂਟ ਦਾ ਆਯੋਜਨ ਕੀਤਾ ਅਤੇ ਇਸ ਮੌਕੇ ਸਾਰਥੀ ਕੇ, ਸਤਬੀਰ ਔਜਲਾ, ਗੁਰਜਜ਼, ਸੰਗਰਾਮ ਹੰਜਰਾ, ਅਰਪਨ ਬਾਵਾ ਅਤੇ ਗੁਰ ਖੱਟੜਾ ਸਮੇਤ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਸ਼ਿਰਕਤ ਕੀਤੀ।
