ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਫਿਲਮ ਅਦਾਕਾਰ ਦੀਪ ਸਿੱਧੂ ਦੇ ਸੜਕ ਹਾਦਸੇ ਵਿੱਚ ਚਲਾਣੇ ਉਪਰੰਤ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਵੱਲੋਂ ਆਪਣੇ ਮਹਿਬੂਬ ਨੌਜਵਾਨ ਮਰਹੂਮ ਦੀਪ ਸਿੱਧੂ ਦੀ ਯਾਦ ਵਿੱਚ ਆਪੋ ਆਪਣੇ ਪੱਧਰ ‘ਤੇ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ। ਸਕਾਟਲੈਂਡ ਭਰ ਵਿੱਚ ਸਭ ਤੋਂ ਵੱਡੇ ਗੁਰੂਘਰ ਵਜੋਂ ਪ੍ਰਸਿੱਧ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਦੀਪ ਸਿੱਧੂ ਦੀ ਯਾਦ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਸਮੇਂ ਗੁਰਦੁਆਰਾ ਕਮੇਟੀ ਦੀ ਤਰਫੋਂ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੀਪ ਸਿੱਧੂ ਨੂੰਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਸਦੇ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇ। ਇਸ ਤੋਂ ਇਲਾਵਾ ਪ੍ਰਸਿੱਧ ਸ਼ਾਇਰ ਅਮਨਦੀਪ ਸਿੰਘ ਅਮਨ ਨੇ ਆਪਣੀ ਭਾਵੁਕ ਤਕਰੀਰ ਅਤੇ ਗਜ਼ਲ ਰਾਹੀਂ ਗੁਰੂ ਦਰਬਾਰ ‘ਚ ਹਾਜ਼ਰ ਲਗਵਾਈ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਅਤੇ ਸੰਸਥਾ ਇਤਿਹਾਸ ਦੇ ਬੁਲਾਰੇ ਹਰਪਾਲ ਸਿੰਘ ਨੇ ਇਸ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੌਰਾਨ ਹਜੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਲਵਿੰਦਰ ਸਿੰਘ ਦੇ ਜੱਥੇ ਵੱਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।


