(ਜਨਮ ਦਿਨ ਉਤੇ ਵਿਸ਼ੇਸ਼)

ਚੰਡੀਗੜ: ਦੇ ਪ੍ਰਸਿੱਧ ਨਾਵਲਕਾਰ ਪ੍ਰੋ ਗੁਰਦਿਆਲ ਸਿੰਘ ਨੂੰ ਉਨਾ ਦੇ ਜਨਮ ਦਿਨ ਮੌਕੇ ਯਾਦ ਕਰਦੇ ਹੋਏ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਉਨਾ ਦੇ ਪਰਿਵਾਰ ਤੇ ਉਨਾ ਪਾਠਕਾਂ ਨੂੰ ਵਧਾਈ ਦਿਤੀ ਹੈ। ਡਾ ਪਾਤਰ ਨੇ ਆਖਿਆ ਕਿ ਪ੍ਰੋ ਗੁਰਦਿਆਲ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਬਾਖੂਬੀ ਕੀਤੀ ਤੇ ਆਪਣੇ ਪਾਤਰਾਂ ਨੂੰ ਹਮੇਸ਼ਾ ਵਾਸਤੇ ਅਮਰ ਕਰ ਦਿੱਤਾ ਤੇ ਪ੍ਰੋ ਗੁਰਦਿਆਲ ਸਿੰਘ ਅਗੇ ਵਧੂ, ਨਿਮਾਣਿਆਂ ਦਾ ਮਾਣ, ਤਿਹੰਮਲ ਪੁਰਸ਼ ਤੇ ਨੇਕ ਵਿਦਵਾਨ ਸਨ। ਉਹ ਹਮੇਸ਼ਾ ਸਾਡੀ ਚੇਤਨਾ ਤੇ ਚੇਤਿਆਂ ਵਿਚ ਵਸੇ ਰਹਿਣਗੇ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਦਸਿਆ ਕਿ ਪ੍ਰੋ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ ਦੇ ਦਿਨ ਸੰਨ 1933 ਨੂੰ ਪਿਤਾ ਸ ਜਗਤ ਸਿੰਘ ਦੇ ਘਰ ਮਾਂ ਨਿਹਾਲ ਕੌਰ ਦੀ ਕੁੱਖੋਂ ਹੋਇਆ ਸੀ। ਆਪ ਸਾਰੀ ਉਮਰ ਫਰੀਦਕੋਟ ਜਿਲੇ ਦੀ ਜੈਤੋ ਮੰਡੀ ਹੀ ਰਹੇ। ਆਪ ਰਾਮਗੜੀਆ ਬਰਾਦਰੀ ਨਾਲ ਸਬੰਧਤ ਹੋਣ ਕਾਰਨ ਸੱਤ ਸਾਲ ਦੀ ਨਿੱਕੀ ਉਮਰੇ ਹੀ ਕਾਮੇ ਬਣ ਗਏ। ਤੰਗੀਆਂ ਤੁਰਸ਼ੀਆਂ ਵਿਚ ਪੜੇ। ਆਖਿਰ ਉਹ ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਬਣੇ। ਲਗਾਤਾਰ ਪੜਦੇ ਲਿਖਦੇ ਰਹੇ ਤੇ ਲੈਕਚਰਾਰ ਬਣ ਗਏ। ਪੰਜਾਬੀ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਬਠਿੰਡਾ ਤੋਂ ਮੁਖੀ ਸੇਵਾਮੁਕਤ ਹੋਏ। ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਪ੍ਰੋਫੈਸਰ ਸਾਹਬ ਦੀ ਮਹਾਨ ਰਚਨਾ ‘ਮੜੀ ਦਾ ਦੀਵਾ’ ਨਾਵਲ 1964 ਵਿਚ ਛਪਿਆ ਤੇ ਉਸ ਉਤੇ ਫਿਲਮ ਵੀ ਬਣੀ। ਆਪ ਦੇ ਨਾਵਲ ‘ਅਧ ਚਾਨਣੀ ਰਾਤ’ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ। ਆਪ ਦੇ ਨਾਵਲ ‘ਅੰਨੇ ਘੋੜੇ ਦਾ ਦਾਨ’ ਉਤੇ ਵੀ ਫਿਲਮ ਬਣੀ। ਆਪ ਇਕੋ ਸਮੇਂ ਨਾਵਲਕਾਰ ਸਨਤੇ ਕਹਾਣੀਕਾਰ ਵੀ। ਆਪ ਜੀ ਜੀਵਨੀਕਾਰ ਤੇ ਸਫਲ ਨਿਬੰਧ ਲੇਖਕ ਵੀ ਸਨ। ਆਪ ਦਾ ਨਾਵਲ ‘ਪਰਸਾ’ ਤੇ ‘ਅਣਹੋਏ’ ਬਹੁਤ ਪੜੇ ਗਏ। ਆਪਣੀ ਸਵੈ ਜੀਵਨੀ ਦੀਆਂ ਪੁਸਤਕਾਂ ‘ਨਿਆਣ ਮੱਤੀਆਂ’ ਤੇ ‘ ‘ਜਗ ਜਿਊਂਦਿਆਂ ਦੇ ਮੇਲੇ’ ਯਾਦਗਾਰੀ ਪੁਸਤਕਾਂ ਹਨ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਪ੍ਰੋਫੈਸਰ ਗੁਰਦਿਆਲ ਸਿੰਘ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਸਭ ਤੋਂ ਵੱਡਾ ਸਾਹਿਤਕ ਸਨਮਾਨ ‘ਗਿਆਨ ਪੀਠ’ ਵੀ ਮਿਲਿਆ ਤੇ ਭਾਰਤ ਸਰਕਾਰ ਨੇ ‘ਪਦਮ ਸ਼੍ਰੀ’ ਵੀ ਪ੍ਰਦਾਨ ਕੀਤਾ। ਆਪ ਨੇ ਆਪਣੇ ਆਖਰੀ ਨਾਵਲ – ‘ਆਹਣ’ ਦਾ ਪਹਿਲਾ ਭਾਗ ਹੀ ਲਿਖਿਆ ਸੀ ਕਿ ਬਿਮਾਰ ਹੋ ਗਏ ਤੇ ਚਲ ਵਸੇ। ਅਜ ਵੀ ਆਪ ਆਪਣੀਆਂ ਅਮਰ ਤੇ ਅਨਮੋਲ ਲਿਖਤਾਂ ਸਦਕਾ ਸਾਡੇ ਵਿਚਕਾਰ ਹਨ ਤੇ ਅਜ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਆਪ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ,ਚੰਡੀਗੜ੍ਹ ।