ਕੌਮਾਂਤਰੀ ਪਾੜ੍ਹਿਆਂ ਅਤੇ ਹੋਰ ਵੀਜ਼ਾ ਧਾਰਕਾਂ ਦੇ ਆਉਣ ‘ਤੇ ਅਜੇ ਰੋਕ
ਹਰਜੀਤ ਲਸਾੜਾ (ਬ੍ਰਿਸਬੇਨ) ਇੱਥੇ ਸੰਘੀ ਸਰਕਾਰ ਨੇ ਦੱਖਣੀ ਅਫ਼ਰੀਕਾ ਵਿੱਚ ਘੁੰਮ ਰਹੇ ਨਵੇਂ ਓਮੀਕਰੋਨ ਕੋਵਿਡ -19 ਰੂਪਾਂ ਬਾਰੇ ਚਿੰਤਾਵਾਂ ਦੇ ਚੱਲਦਿਆਂ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਧਾਰਕਾਂ ਲਈ ਹੋਰ ਦੋ ਹਫ਼ਤਿਆਂ ਲਈ ਬੰਦ ਕਰਨ ਦਾ ਐਲਾਨ ਅਤੇ ਦੱਖਣੀ ਅਫਰੀਕਾ, ਲੇਸੋਥੋ, ਏਕਾਟਵਿਨੀ, ਨਾਮੀਬੀਆ, ਬੋਤਸਵਾਨਾ, ਜ਼ਿੰਬਾਬਵੇ, ਸੇਸ਼ੇਲਸ, ਮੋਜ਼ਾਮਬੀਕ ਜਾਂ ਮਲਾਵੀ ਦੇਸ਼ਾਂ ਲਈ ਨਵੀਆਂ ਯਾਤਰਾ ਪਾਬੰਦੀਆਂ ਅਤੇ ਨਵੇਂ ਕੁਆਰੰਟੀਨ ਨਿਯਮਾਂ ਨੂੰ ਤਤਕਾਲੀਨ ਲਾਗੂ ਕੀਤਾ ਹੈ। ਹੁਣ ਆਸਟਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਜਾਂ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਜੋ ਪਿਛਲੇ 14 ਦਿਨਾਂ ਵਿੱਚ ਉਪਰੋਕਿਤ ਦੇਸ਼ਾਂ ਤੋਂ ਆਸਟਰੇਲੀਆ ਵਿੱਚ ਦਾਖਲ ਹੋਏ ਹਨ, ਨੂੰ ਦੋ ਹਫ਼ਤਿਆਂ ਲਈ ਪੂਰੀ ਤਰ੍ਹਾਂ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ ਅਤੇ ਕਿਸੇ ਵੀ ਹੋਰ ਯਾਤਰੀ ਜੋ ਪਿਛਲੇ 14 ਦਿਨਾਂ ਵਿੱਚ ਇਹਨਾਂ ਮੁਲਕਾਂ ‘ਚ ਹਨ ਨੂੰ ਆਸਟਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਵੱਖਰੇ ਦੇਸ਼ਾਂ ਤੋਂ ਵਾਪਸ ਆਉਣ ਵਾਲੇ ਨਿਵਾਸੀਆਂ ਨੂੰ ਉਤਰਨ ਤੋਂ ਬਾਅਦ 72 ਘੰਟਿਆਂ ਲਈ ਘਰ ਵਿੱਚ ਕੁਆਰੰਟੀਨ ਹੋਣ ਦੀ ਲੋੜ ਹੋਵੇਗੀ। ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਸਰਕਾਰ ਯਾਤਰਾ ਪਾਬੰਦੀਆਂ ਬਾਰੇ ਡਾਕਟਰੀ ਸਲਾਹ ਲਵੇਗੀ ਅਤੇ ਲੋੜ ਅਨੁਸਾਰ ਕੰਮ ਕਰੇਗੀ। ਹੁਣ ਤੱਕ ਦੇਸ਼ ਵਿੱਚ ਨਵੇਂ ਵੇਰੀਐਂਟ ਦੇ ਪੰਜ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਜੌਹਨਸਬਰਗ ਦੇ ਨੈਸ਼ਨਲ ਸੈਂਟਰ ਫਾਰ ਕਮਿਊਨੀਕੇਬਲ ਡਿਜ਼ੀਜ਼ ਦੇ ਪ੍ਰੋਫ਼ੈਸਰ ਐਨੀ ਵੌਂ ਗੌਟਬਰਗ ਨੇ ਕਿਹਾ ਕਿ ਕਰੋਨਵਾਇਰਸ ਦੇ ਜ਼ਿਆਦਾਤਰ ਵੇਰੀਐਂਟਾਂ ਵਿੱਚ 10 ਸਪਾਈਕ ਮਿਊਟੇਸ਼ਨਾਂ ਹੁੰਦੀਆਂ ਹਨ ਜਦਕਿ ਓਮੀਕੋਰਨ ਵਿੱਚ 50 ਹਨ। ਦੱਸਣਯੋਗ ਹੈ ਕਿ ਕੋਵਿਡ-19 ਦੇ ਨਵੇਂ ਓਮੀਕਰੋਨ B.1.1.529 ਰੂਪ ਦੀ ਪਛਾਣ ਪਹਿਲੀ ਵਾਰ ਦੱਖਣੀ ਅਫ਼ਰੀਕਾ ਵਿੱਚ ਕੀਤੀ ਗਈ ਸੀ। ਦੱਖਣੀ ਅਫ਼ਰੀਕਾ ਤੋਂ ਵਿਦੇਸ਼ੀ ਨਾਗਰਿਕਾਂ ‘ਤੇ ਪਾਬੰਦੀ ਲਗਾਉਣ ਵਾਲੇ ਹੋਰ ਦੇਸ਼ਾਂ ਵਿਚ ਬ੍ਰਾਜ਼ੀਲ ਵੀ ਸ਼ਾਮਲ ਹੈ।
