ਜਦੋਂ ਤੱਕ ਦੇਸ਼ ਦੇ ਕਿਸਾਨਾਂ ਨੂੰ ਹੱਕ ਨਹੀਂ ਮਿਲ ਜਾਂਦੇ ਲੰਗਰ ਸੇਵਾ ਚਾਲੂ ਰਹੇਗੀ- ਬੂੰਦੂ, ਹਾਜੀ ਅਨਵਾਰ
ਮਲੇਰਕੋਟਲਾ(ਜਮੀਲ ਜੌੜਾ) ਆਖਰ ! ਦੇਸ਼ ਦੇ ਕਿਸਾਨ ਦੇ ਸਬਰ ਅਤੇ ਏਕਤਾ ਨੇ ਹੰਕਾਰੀ ਰਾਜੇ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ । ਕਰੀਬ ਇੱਕ ਸਾਲ ਦੇ ਲੰਬੇ ਅਰਸੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਲਈ ਬੇਬਸ ਕਰ ਦਿੱਤਾ । ਪਿਛਲੇ ਹਫਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ ਅਤੇ ਹੁਣ ਕੈਬਿਨਟ ਨੇ ਵੀ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਗਾਮੀ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸ਼ੈਸਨ ‘ਚ ਇਸ ਦੀ ਕਾਨੂੰਨੀ ਪ੍ਰਕਿਰਿਆ ਵੀ ਪੂਰੀ ਕਰ ਲਈ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੰਘੂ ਕਿਸਾਨੀ ਮੋਰਚੇ ਤੇ ਮਲੇਰਕੋਟਲਾ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਚਲਾਏ ਜਾ ਰਹੇ ਮਿੱਠੇ ਅਤੇ ਨਮਕੀਨ ਚੌਲਾਂ ਦੇ ਲੰਗਰ ‘ਚ ਸੇਵਾ ਨਿਭਾ ਰਹੇ ਮੁਹੰਮਦ ਹਨੀਫ ਬਾਈ ਬੂੰਦੂ, ਹਾਜੀ ਮੁਹੰਮਦ ਅਨਵਾਰ, ਮੁਹੰਮਦ ਸ਼ਹਿਬਾਜ਼, ਮੁਹੰਮਦ ਜਮੀਲ ਐਡਵੋਕੇਟ, ਮੁਹੰਮਦ ਜ਼ੈਦ ਨੇ ਕੀਤਾ । ਉਨਾਂ ਕਿਹਾ ਕਿ ਦੇਸ਼ ਦਾ ਮੁਸਲਮਾਨ ਕਿਸਾਨਾਂ ਨਾਲ ਚੱਟਾਨ ਦੀ ਤਰ੍ਹਾਂ ਖੜਾ ਹੈ ਅਤੇ ਜਦੋਂ ਤੱਕ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਜਾਂਦੇ ਤਦ ਤੱਕ ਲੰਗਰ ਲਗਾਤਾਰ ਜਾਰੀ ਰਹੇਗਾ । ਉਨਾਂ ਕਿਹਾ ਭਾਵੇਂ ਪ੍ਰਬੰਧਕਾਂ ਦੇ ਕੁਝ ਨਿੱਜੀ ਕਾਰਣਾਂ ਕਰਕੇ ਲੰਗਰ ਕੁਝ ਦਿਨ ਬੰਦ ਰਿਹਾ ਪਰੰਤੂ ਮਲੇਰਕੋਟਲਾ ਦੇ ਲੋਕਾਂ ਦੀ ਦਿੱਲੀ ਧਰਨੇ ‘ਚ ਆਮਦ ਉਸੇ ਤਰ੍ਹਾਂ ਜਾਰੀ ਹੈ । ਉਨਾਂ ਦੱਸਿਆ ਕਿ ਲੰਗਰ ਵਿੱਚ ਲਜ਼ੀਜ਼ ਮਿੱਠੇ ਅਤੇ ਨਮਕੀਨ ਚਾਵਲ ਦਸਤਰਖਾਨ ਲਗਾ ਕੇ ਵਰਤਾਏ ਜਾਂਦੇ ਹਨ ਜਿਸ ਦੀ ਦੇਸ਼ ਵਿਦੇਸ਼ ਦੇ ਲੋਕਾਂ ‘ਚ ਖੂਬ ਚਰਚਾ ਹੋ ਰਹੀ ਹੈ ਅਤੇ ਲੰਗਰ ਨੂੰ ਚਲਾਉਣ ਲਈ ਲੋਕਾਂ ਦਾ ਭਰਪੂਰ ਸਹਿਯੋਗ ਵੀ ਮਿਲ ਰਿਹਾ ਹੈ । ਉਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਿਖੀ ਗਈ ਖੁੱਲੀ ਚਿੱਠੀ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਨੂੰ ਵਾਪਸ ਘਰ ਭੇਜਿਆ ਜਾਵੇ ਤਾਂ ਕਿ ਦੇਸ਼ ਦਾ ਮਾਹੌਲ ਸੁਖਾਵਾਂ ਬਣਿਆ ਰਹੇ ।
