
ਬਰਮਿੰਘਮ (ਪੰਜ ਦਰਿਆ ਬਿਊਰੋ) ਕਿਸਾਨੀ ਭਾਰਤ ਦੇ ਲੋਕਾਂ ਦਾ ਕਿੱਤਾ ਹੀ ਨਹੀਂ ਬਲਕਿ ਧਰਮ ਵੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਖੇਤੀ ਕਰਦੇ ਰਹੇ ਹਨ। ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਵਰਗੇ ਪਵਿੱਤਰ ਦਿਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿਮਰਤਾ ਸਾਹਿਤ ਆਪਣੀ ਭੁੱਲ ਬਖ਼ਸ਼ਾ ਕੇ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਅਸੀਂ ਸਾਰੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿਸਾਨੀ ਨਾਲ ਜੁੜੇ ਹੋਏ ਹਾਂ। ਜੇ ਕਿਸਾਨ ਨਹੀਂ ਹਾਂ ਤਾਂ ਕਿਸਾਨ, ਮਜ਼ਦੂਰ ਦਾ ਉਗਾਇਆ ਅੰਨ ਖਾ ਰਹੇ ਹਾਂ। ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨ ਨਾਲ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਦਿਲਾਂ ਦੀ ਗੱਲ ਪੂਰੀ ਹੋਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੀਆਂ ਯੂਰਪ ਇਕਾਈਆਂ ਦੇ ਆਗੂ ਪ੍ਰਵੇਸ਼ ਸ਼ੁਕਲਾ, ਰਾਜੇਸ਼ ਸ਼ਰਮਾ, ਬਲਦੇਵ ਸਿੰਘ ਦਿਉਲ, ਸੁਨੀਲ ਕੁਮਾਰ, ਪੰਕਜ ਬੇਦੀ, ਇੰਦਰ ਬੁਲੀਨੀ, ਬਿੰਨੀ ਖੁਰਾਣਾ, ਸਨੀ ਬੇਦੀ, ਸੋਨੂੰ ਵਰਮਾ, ਹਰਮੇਸ਼ ਕੂਨਰ ਅਤੇ ਦਲਜੀਤ ਸਿੰਘ ਆਦਿ ਨੇ ਕੀਤਾ। ਉਨ੍ਹਾਂ ਸਮੁੱਚੇ ਵਿਸ਼ਵ ਨੂੰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਉਤਸਵ ਦੀ ਵਧਾਈ ਪੇਸ਼ ਕੀਤੀ ਉੱਥੇ ਨਾਲ ਹੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹਰ ਵਰਗ ਦੀਆਂ ਭਾਵਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਜਲਦ ਤੋਂ ਜਲਦ ਇਸ ਮਸਲੇ ਨੂੰ ਨਿਪਟਾਉਣ।