ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਗਲਾਸਗੋ ਵਿੱਚ ਸ਼ੁਰੂ ਹੋਏ ਵਿਸ਼ਵ ਨੇਤਾਵਾਂ ਦੀ ਸ਼ਮੂਲੀਅਤ ਵਾਲੇ ਵਿਸ਼ਵ ਪੱਧਰੀ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਤਾਇਨਾਤੀ ਦੇ ਮੱਦੇਨਜ਼ਰ ਕਈ ਪ੍ਰਮੁੱਖ ਸੜਕਾਂ ਨੂੰ ਆਵਾਜਾਈ ਲਈ ਬੰਦ ਵੀ ਕੀਤਾ ਗਿਆ ਹੈ। ਕੋਪ 26 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਡੇਵਿਡ ਐਟਨਬਰੋ ਅਤੇ ਪ੍ਰਿੰਸ ਚਾਰਲਸ ਦੇ ਨਾਲ ਹੋਰ ਵਿਸ਼ਵ ਨੇਤਾਵਾਂ ਦੀ ਸ਼ੁਰੂਆਤ ਹੋਣ ਨਾਲ ਸੁਰੱਖਿਆ ਵਧਾਈ ਗਈ ਹੈ। ਜਿਸ ਤਹਿਤ ਐੱਸ ਈ ਸੀ ਕੈਂਪਸ ਅਤੇ ਸਿਟੀ ਸੈਂਟਰ ਦੇ ਆਲੇ ਦੁਆਲੇ ਦੀਆਂ ਕਈ ਸੜਕਾਂ, ਗਲੀਆਂ ਦੋ ਹਫ਼ਤਿਆਂ ਦੀ ਕਾਨਫਰੰਸ ਲਈ ਬੰਦ ਹਨ। ਇਸ ਦੌਰਾਨ ਕਲਾਈਡਸਾਈਡ ਐਕਸਪ੍ਰੈਸਵੇਅ ਜੋ ਕਿ ਸ਼ਹਿਰ ਦੇ ਕੇਂਦਰ ਨੂੰ ਪੱਛਮ ਨਾਲ ਜੋੜਨ ਵਾਲਾ ਮੁੱਖ ਰਸਤਾ ਹੈ, ਵੀ ਬੰਦ ਹੈ ਅਤੇ 15 ਨਵੰਬਰ ਤੱਕ ਦੁਬਾਰਾ ਨਹੀਂ ਖੁੱਲ੍ਹੇਗਾ। ਸੜਕਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਫਿਨੀਸਟਨ, ਐਂਡਰਸਟਨ ਅਤੇ ਪਾਰਟਿਕ ਪਲੱਸ ਸਿਟੀ ਸੈਂਟਰ ਅਤੇ ਐੱਮ 8 ਸ਼ਾਮਲ ਹਨ।
