
ਤਕਰੀਬਨ 75000 ਹਸਤਾਖਰ ਸੰਸਦ ਵਿੱਚ ਪੇਸ਼ ਕੀਤੇ ਗਏ
ਬ੍ਰਿਸਬੇਨ (ਹਰਜੀਤ ਲਸਾੜਾ) ਪਿਛਲੇ ਇੱਕ ਸਾਲ ਤੋਂ ਸੋਸ਼ਲ ਮੀਡਿਆ ‘ਤੇ 25000 ਤੋਂ ਵੱਧ ਗਰੁੱਪ ਮੈਂਬਰਾਂ ਨਾਲ ‘ਪੇਰੈਂਟਸ ਆਰ ਇੱਮੀਡੀਏਟ ਫੈਮਿਲੀ’ ਨਾਮਕ ਫੇਸਬੁੱਕ ਸਮੂਹ ਉਹਨਾਂ ਦੇ ਮਾਪਿਆਂ ‘ਤੇ ਆਸਟਰੇਲੀਆ ਵਿੱਚ ਦਾਖਲ ਹੋਣ ‘ਤੇ ਲਗਾਈਆਂ ਗਈਆਂ ਪਾਬੰਦੀਆਂ ਵਿਰੁੱਧ ਪਟੀਸ਼ਨਾਂ, ਫਲਾਇੰਗ ਬੈੱਨਰਜ਼, ਗੱਡੀਆਂ ਦੇ ਪਿੱਛੇ ਸਟੀਕਰਾਂ ਤੇ ਲਿਖੇ ਸੰਦੇਸ਼ਾਂ ਰਾਹੀਂ ਆਸਟਰੇਲੀਆ ਲਈ ਕੋਵਿਡ ਯਾਤਰਾ ਪਾਬੰਦੀ ਤੋਂ ਛੋਟ ਦੇਣ ਦੀ ਜ਼ੋਰਦਾਰ ਅਪੀਲ ਹੁਣ ਸਿਰੇ ਚੜ੍ਹਦੀ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਕੋਵਿਡ ਦੀ ਵੀਜ਼ਾ ਰਿਆਤ ਤਹਿਤ ਮਾਪਿਆਂ ਨੂੰ ‘ਇੱਮੀਡੀਏਟ’ ਪਰਿਵਾਰਕ ਮੈਂਬਰਾਂ ਵਿੱਚ ਸ਼ਾਮਲ ਕਰਨ ਦਾ ਫੈਂਸਲਾ ਲਿਆ ਗਿਆ ਹੈ। ਹੁਣ ਆਸਟਰੇਲਿਆਈ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਨੂੰ ਆਸਟਰੇਲੀਆ ਦੇ 80 ਪ੍ਰਤੀਸ਼ਤ ਟੀਕਾਕਰਨ ਮੁਕੰਮਲ ਕਰ ਚੁੱਕੇ ਰਾਜਾਂ ਵਿੱਚ ਦਾਖਲ ਹੋਣ ਦੀ ਆਗਿਆ ਹੋਵੇਗੀ। 17 ਸਾਲਾਂ ਤੋਂ ਆਸਟਰੇਲੀਆ ਰਹਿ ਰਹੇ ਇਸ ਗਰੁੱਪ ਦੇ ਪ੍ਰਕਾਸ਼ਕ ਹਰਜੋਤ ਸਿੰਘ ਨੇ ਦੱਸਿਆ ਕਿ ਆਪਣੀ ਮਾਂ ਦੀ ਮੌਤ ਪਿੱਛੋਂ ਆਪਣੇ ਪਿਤਾ ਜੀ ਨੂੰ ਇੱਥੇ ਬੁਲਾਉਣ ਦੀਆਂ ਬਹੁਤ ਸਾਰੀਆਂ ‘ਐਕਜ਼ਮਪਸ਼ਨ ਲੈੱਟਰਜ਼’ (ਛੋਟ ਪੱਤਰ) ਨਾ ਮਨਜ਼ੂਰ ਹੋਣ ਤੋਂ ਬਾਅਦ ਉਨ੍ਹਾਂ ਨੇ ਇਹ ਫੇਸਬੁੱਕ ਗਰੁੱਪ ਸ਼ੁਰੂ ਕੀਤਾ। ਉਹਨਾਂ ਅਨੁਸਾਰ ਆਸਟਰੇਲੀਆ ਵਸਦੇ ਵੱਖ ਵੱਖ ਦੇਸ਼ਾਂ ਦੇ ਹਜ਼ਾਰਾਂ ਲੋਕ ਹੌਲੀ-ਹੌਲੀ ਇਸ ਗਰੁੱਪ ਨਾਲ ਜੁੜਦੇ ਗਏ ਅਤੇ ਸਾਂਝੇ ਯਤਨਾਂ ਨੇ ਸਰਕਾਰ ਨੂੰ ਸੋਚਣ ਲਈ ਗੰਭੀਰ ਕੀਤਾ। ਹਰਜੋਤ ਨੇ ਦੱਸਿਆ ਕਿ ਵੈਸਟਰਨ ਆਸਟਰੇਲੀਆ ਦੀ ਲਿਬਰਲ ਸੰਸਦ ਮੈਂਬਰ ਸੇਲੀਆ ਹੈਮੰਡ ਵੱਲੋਂ ਇਸ ਮਸਲੇ ਦੀ ਪਟੀਸ਼ਨ ਫ਼ੈਡਰਲ ਸੰਸਦ ਵਿੱਚ ਪੇਸ਼ ਕੀਤੀ ਗਈ। ਫਿਰ ਜਨਵਰੀ ਵਿੱਚ ਆਸਟਰੇਲੀਆ ਭਰ ਦਿਆਂ ਰਾਜਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤੇ ਗਏ ਅਤੇ ਦੂਜੀ ਪਟੀਸ਼ਨ ਰਾਹੀਂ ਤਕਰੀਬਨ 75000 ਹਸਤਾਖਰ ਸੰਸਦ ਵਿੱਚ ਪੇਸ਼ ਕੀਤੇ ਗਏ। ਉਹਨਾਂ ਕਿਹਾ ਕਿ , “”ਸਾਡੀ ਅਗਲੀ ਕੋਸ਼ਿਸ਼ ਰਹੇਗੀ ਕਿ ਅਸਥਾਈ ਵੀਜ਼ਾ ਧਾਰਕਾਂ ਦੇ ਮਾਪਿਆਂ ਨੂੰ ਵੀ ‘ਇੱਮੀਡੀਏਟ’ ਪਰਿਵਾਰਕ ਮੈਂਬਰਾਂ ਵਿੱਚ ਸ਼ਾਮਲ ਕੀਤਾ ਜਾਵੇ।”