
ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਜਿਲ੍ਹੇ ਦੇ ਪਿੰਡ ਮਲੂਕਾ ਦੀ 97 ਵਰਿ੍ਹਆਂ ਦੀ ਬਿਰਧ ਰਣਜੀਤ ਕੌਰ ਨੇ ਬੁਲੰਦ ਜਜਬੇ ਨਾਲ ਆਖਿਆ ‘ ਮੰਨੂ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਓਂ ਜਿਓਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ’। ਬਠਿੰਡਾ ਦੀ ਮਿੰਨੀ ਸਕੱਤਰੇਤ ਅੱਗੇ ਚੱਲ ਰਹੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਆਈ ਬਿਰਧ ਰਣਜੀਤ ਕੌਰ ਨੇ ਇਹ ਪ੍ਰਤੀਕਰਮ ਟਿਕਰੀ ਬਾਰਡਰ ਤੇ ਮਾਨਸਾ ਜਿਲ੍ਹੇ ਦੀਆਂ ਤਿੰਨ ਕਿਸਾਨ ਔਰਤਾਂ ਦੀ ਸ਼ਹਾਦਤ ਪਿੱਛੋਂ ਦਿੱਤਾ ਹੈ। ਇਸ ਬਿਰਧ ਦੀ ਜਿੰਦਗੀ ਹੀ ਸੰਘਰਸ਼ਾਂ ਵਿੱਚ ਲੰਘੀ ਹੈ। ਉਹ 22 ਸਾਲ ਦੀ ਸੀ ਤਾਂ ਮੁਲਕ ਦੇ ਦੋ ਟੋਟੇ ਹੁੰਦੇ ਦੇਖੇ ਹਨ। ਉਸ ਨੇ ਦੋਵਾਂ ਮੁਲਕਾਂ ਦੇ ਬਾਸ਼ਿੰਦਿਆਂ ਕੋਲੋਂ ਜਮੀਨਾਂ ਖੁਸਦੀਆਂ ਅਤੇ ਮਿਲਦੀਆਂ ਦੇਖੀਆਂ ਹਨ। ਹੁਣ ਜਦੋਂ ਜ਼ਿੰਦਗੀ ਦੇ ਆਖਰੀ ਮੋੜ ’ਤੇ ਹੈ, ਉਹ ਦੂਸਰਾ ਹੱਲਾ ਵੇਖ ਰਹੀ ਹੈ। ਬਿਰਧ ਰਣਜੀਤ ਕੌਰ ਗੜ੍ਹਕ ਕੇ ਬੋਲੀ ਜਦੋਂ ਹਕੂਮਤਾਂ ਵੈਰੀ ਹੋ ਜਾਣ ਤਾਂ ਅਣਖੀ ਕੌਮਾਂ ਨੂੰ ਸ਼ਹਾਦਤਾਂ ਦੇਣੀਆਂ ਹੀ ਪੈਂਦੀਆਂ ਹਨ। ਇਹ ਬਜ਼ੁਰਗ ਆਖਦੀ ਹੈ ਕਿ ਉਹ ਕਿਸਾਨੀ ਮੰਗਾਂ ਖਾਤਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਨ ਤੇ ਦਿੱਲੀ ਘਟਨਾ ਦਾ ਮਨ ’ਚ ਭੋਰਾ ਵੀ ਡਰ ਨਹੀਂ ਹੈ। ਇਸ ਬਿਰਧ ਨੇ ਤਾਂ ਗੱਠਜੋੜ ਸਰਕਾਰ ਵੇਲੇ ਹਕੂਮਤੀ ਵਧੀਕੀਆਂ ਝੱਲੀਆਂ ਹਨ ਪਰ ਕਦੇ ਡੋਲੀ ਨਹੀਂ। ਉਹ ਆਖਦੀ ਹੈ ਕਿ ਜਦੋਂ ਹਕੂਮਤ ਦੇ ਜੁਲਮ ਅੱਗੇ ਦਿਲ ਨਹੀਂ ਡੁਲਾਇਆ ਤਾਂ ਹੁਣ ਕੀ ਡੋਲਣਾ ਹੈ। ਉਸ ਨੇ ਆਖਿਆ ਕਿ ‘ ਕੀ ਮੋਦੀ ਅਤੇ ਉਸ ਦੇ ਸਾਥੀ ਕੋਈ ਰੱਬ ਨੇ ਜੋ ਕਿਸਾਨਾਂ ਦੀਆਂ ਤਕਦੀਰਾਂ ਲਿਖਣਗੇ। ਅੱਜ ਬਠਿੰਡਾ ਵਿਖੇ ਚੱਲ ਰਹੇ ਮਿੰਨੀ ਸਕੱਤਰੇਤ ਘਿਰਾਓ ਮੋਰਚੇ ’ਚ ਉਨ੍ਹਾਂ ਔਰਤਾਂ ਦੀ ਵੱਡੀ ਗਿਣਤੀ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਸੰਘਰਸ਼ਾਂ ਵਿੱਚ ਹੀ ਗੁਜ਼ਾਰ ਦਿੱਤੀ। ਹੁਣ ਇਨ੍ਹਾਂ ਨੂੰ ਹਕੂਮਤਾਂ ਇੱਕ ਖੜਸੁੱਕ ਦਰੱਖਤ ਵਾਂਗੂ ਜਾਪਦੀਆਂ ਹਨ ਜਿੰਨ੍ਹਾਂ ਤੋਂ ਕਦੇ ਕੋਈ ਠੰਢਾ ਬੁੱਲਾ ਨਹੀਂ ਆਇਆ ਹੈ। ਜਦੋਂ ਕੋਈ ਸੰਘਰਸ਼ ਛਿੜਦਾ ਹੈ ਕਿ ਇਨ੍ਹਾਂ ਔਰਤਾਂ ਵੱਲੋਂ ਬਿਨਾਂ ਡਰ ਭੈਅ ਭਰਵਾਂ ਯੋਗਦਾਨ ਪਾਇਆ ਜਾਂਦਾ ਹੈ। ਪਿੰਡ ਜੇਠੂਕੇ ਦੀ ਅਮਰਜੀਤ ਕੌਰ 70ਵੇਂ ਸਾਲ ’ਚ ਵੀ ਬੁਲੰਦ ਹੌਂਸਲੇ ਨਾਲ ਹਰ ਮੋਰਚੇ ’ਚ ਸ਼ਾਮਲ ਹੁੰਦੀ ਆ ਰਹੀ ਹੈ। ਪਤੀ ਸਰਮੁਖ ਸਿੰਘ ਟਰਾਈਡੈਂਟ ਘੋਲ ਦੌਰਾਨ ਸ਼ਹੀਦ ਹੋ ਗਿਆ ਤਾਂ ਅਮਰਜੀਤ ਕੌਰ ਨੇ ਚੁੰਨੀ ਨੂੰ ਪੱਗ ਸਮਝ ਲਿਆ। ਕਿਰਾਇਆ ਘੋਲ ’ਚ ਪਿੰਡ ਜੇਠੂਕੇ ’ਚ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਦੋ ਜਣੇ ਮਾਰੇ ਗਏ ਸਨ ਤਾਂ ਉਹ ਕਿਸਾਨਾਂ ਦੇ ਬਰਾਬਰ ਬੈਠੀ ਸੀ। ਉਹ ਦਿਨ ਹੈ ਤੇ ਅੱਜ ਦਾ ਦਿਨ ਕਦੇ ਦਿਲ ਨਹੀਂ ਡੁਲਾਇਆ ਬਲਕਿ ਹਰ ਕਿਸਾਨ ਘੋਲ ’ਚ ਝੰਡਾ ਚੁੱਕ ਕੇ ਅੱਗੇ ਖੜ੍ਹਦੀ ਹੈ। ਉਸ ਨੇ ਕੁਰਬਾਨੀਆਂ ਭਰੇ ਵਿਰਸੇ ਦਾ ਜਿਕਰ ਕੀਤਾ ਤੇ ਮੌਤ ਤੋਂ ਨਾਂ ਡਰਨ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨੀ ਤਾਕਤ ’ਤੇ ਏਨਾ ਮਾਣ ਹੈ ਅਤੇ ਜੰਗ ਜਿੱਤਣ ਦਾ ਹੌਸਲਾ ਹੈ। ਪਿੰਡ ਕੋਠਾ ਗੁਰੂ ਦੀ ਬਜ਼ੁਰਗ ਰਣਜੀਤ ਕੌਰ ਵੀ ਉਨ੍ਹਾਂ ਔਰਤਾਂ ’ਚ ਸ਼ਾਮਲ ਹੈ ਜੋ ਹੁਣ ਉਮਰ ਅਤੇ ਦੋ ਦੋ ਹਕੂਮਤਾਂ ਨਾਲ ਵੀ ਭਿੜ ਰਹੀਆਂ ਹਨ। ਇਸ ਬਿਰਧ ਦਾ ਪੁੱਤ ਕਰਜੇ ਦੀ ਪੰਡ ਦਾ ਬੋਝ ਨਾਂ ਸਹਾਰਦਿਆਂ ਖੁਦਕਸ਼ੀ ਕਰਕੇ ਜਹਾਨੋ ਤੁਰ ਗਿਆ ਸੀ। ਉਹ 20 ਸਾਲ ਤੋਂ ਹਰ ਸੰਘਰਸ਼ ਵਿੱਚ ਜਾਂਦੀ ਹੈ ਤਾਂ ਜੋ ਖੇਤਾਂ ਦੀ ਗੁਆਚੀ ਬਰਕਤ ਮੁੜ ਆਵੇ। ਉਹ ਆਖਦੀ ਹੈ ਕਿ ਉਸ ਨੇ ਪੁੱਤ ਦੇ ਬਲਦਾ ਸਿਵਾ ਦੇਖ ਲਿਆ ਤਾਂ ਫਿਰ ਹੋਰ ਕਿਸ ਗੱਲ ਦਾ ਭੈਅ ਹੈ। ਉਸ ਨੇ ਆਖਿਆ ਕਿ ਇੱਕ ਦਿਨ ਤਾਂ ਇਸ ਜਗਤ ਮੇਲੇ ਨੂੰ ਛੱਡ ਕੇ ਜਾਣਾ ਹੀ ਪੈਣਾ ਹੈ ਤਾਂ ਫਿਰ ਜਿੰਦਗੀ ਕਿਸਾਨੀ ਲੇਖੇ ਕਿਓਂ ਨਾਂ ਲਾਈ ਜਾਏ। ਉਸ ਨੇ ਕਿਹਾ ਕਿ ਬੇਸ਼ੱਕ ਅੱਜ ਪਿੰਡ ਤਿੰਨ ਘਰਾਂ ’ਚ ਹਨੇਰਾ ਪੱਸਰ ਗਿਆ ਹੈ ਪਰ ਇਹ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ । ਕਰਮਜੀਤ ਕੌਰ ਲਹਿਰਾਖਾਨਾ ਨੂੰ ਮੋਰਚੇ ਜੋਸ਼ ਨੇ ਲੋਹੇ ਦੀ ਲੱਠ ਬਣਾ ਦਿੱਤਾ ਹੈ। ਉਹ ਆਖਦੀ ਹੈ ਕਿ ਦੋ ਦੋ ਹਕੂਮਤਾਂ ਦੇ ਹੱਲੇ ਦੇਖਣੇ ਪੈ ਰਹੇ ਹਨ ਇਸ ਲਈ ‘ਜੇ ਅੱਜ ਘਰ ਬੈਠ ਜਾਂਦੇ ਤਾਂ ਅਗਲੀਆਂ ਪੀੜ੍ਹੀਆਂ ਨੇ ਆਖਣਾ ਸੀ, ਜਦੋਂ ਕਿਸਾਨ ਮੋਰਚੇ ’ਤੇ ਬੈਠੇ ਸਨ ਤਾਂ ਤੁਸੀਂ ਮੂੰਹ ਕਿਉਂ ਮੋੜੇ।’ ਪਤੀ ਦੀ ਬਿਮਾਰੀ ਨਾਲ ਮੌਤ ਹੋ ਗਈ ਤਾਂ ਉਸ ਨੇ ਸਿਰ ਤੇ ਮੰਡਾਸਾ ਬੰਨ੍ਹ ਲਿਆ ਅਤੇ ਹਰ ਮੁਸੀਬਤ ਨਾਲ ਮੱਥਾ ਲਾਇਆ। ਉਹ ਆਖਦੀ ਹੈ ਕਿ ਜੇ ਅੱਜ ਡਰ ਗਏ ਤਾਂ ਜ਼ਮੀਨ ਕਿਵੇਂ ਬਚੂ। ਉਸ ਨੇ ਆਖਿਆ ਕਿ ਮੋਦੀ ਸਰਕਾਰ ਨੇ ਤਾਂ ਮੁਲਕ ਦੀ ਵੰਡ ਵਾਲਾ ਹੱਲਾ ਵੀ ਭੁਲਾ ਦਿੱਤਾ ਹੈ। ਇਸ ਮੋਰਚੇ ’ਚ ਬਜ਼ੁਰਗ ਅੰਗਰੇਜ਼ ਕੌਰ ਨੇ ਆਪਣੇ ਜਜਬਾਤ ਸਾਂਝੇ ਕੀਤੇ ਤਾਂ ਦਰਜਨਾਂ ਹੋਰ ਔਰਤਾਂ ਨੇ ਸਰਕਾਰਾਂ ਖਿਲਾਫ ਤਣੇ ਮੁੱਕਿਆਂ ਅਤੇ ਜੰਗ ਜਿੱਤਣ ਦੀ ਗੱਲ ਆਖੀ।
ਸ਼ਹੀਦੀਆਂ ਤੋਂ ਕਾਹਦਾ ਡਰ: ਪਰਮਜੀਤ ਕੌਰ ਪਿੱਥੋ
ਕਿਸਾਨ ਆਗੂ ਪਰਮਜੀਤ ਕੌਰ ਪਿੱਥੋ ਦਾ ਕਹਿਣਾ ਸੀ ਕਿ ਔਰਤਾਂ ਨੂੰ ਪਤਾ ਹੈ ਕਿ ਇਹ ਵੇਲਾ ਢੇਰੀ ਢਾਹ ਕੇ ਬੈਠਣ ਦਾ ਨਹੀਂ ਬਲਕਿ ਉੱਠਣ ਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਘਟਨਾਂ ਪ੍ਰੇਸ਼ਾਨ ਕਰਨ ਵਾਲੀ ਤਾਂ ਹੈ ਪਰ ਕਿਸੇ ਦੇ ਚਿਹਰੇ ਤੇ ਡਰ ਦੀ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹਕੂਮਤੀ ਚੋਟਾਂ ਮੋਰਚੇ ਨੂੰ ਹੋਰ ਬੁਲੰਦ ਕਰਨਗੀਆਂ।