4.6 C
United Kingdom
Sunday, April 20, 2025

More

    ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਬਾਰੇ ਮਹੱਤਵਪੂਰਨ ਜਾਣਕਾਰੀ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਇਸ ਸਾਲ ਦੇ ਕੋਪ 26 ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਲਈ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਨੂੰ ਇਸ ਗੱਲਬਾਤ ਲਈ ਚੁਣਿਆ ਗਿਆ ਹੈ। ਇਸ ਸੰਮੇਲਨ ਵਿੱਚ ਜਲਵਾਯੂ ਤਬਦੀਲੀ ਬਾਰੇ ਵਿਚਾਰ ਵਟਾਂਦਰੇ ਲਈ 190 ਤੋਂ ਵੱਧ ਵਿਸ਼ਵ ਨੇਤਾਵਾਂ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਸਰਕਾਰ ਦੁਆਰਾ ਆਲੋਕ ਸ਼ਰਮਾ ਨੂੰ ਕੋਪ 26 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਸੰਮੇਲਨ ਲਈ ਸਰਕਾਰ ਦੇ ਯਤਨਾਂ ਦੀ ਅਗਵਾਈ ਕਰ ਰਹੇ ਹਨ। ਇਸ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਦੀ ਮਹੱਤਵਪੂਰਨ ਜਾਣਕਾਰੀ ਇਸ ਪ੍ਰਕਾਰ ਹੈ-

    ਕੋਪ 26 ਕੀ ਹੈ ?

    ਮਨੁੱਖੀ ਗਤੀਵਿਧੀਆਂ ਅਤੇ ਹੋ ਰਹੀ ਤਰੱਕੀ ਕਾਰਨ ਵਿਸ਼ਵ ਪੱਧਰ ‘ਤੇ ਵਾਤਾਵਰਨ ਅਤੇ ਜਲਵਾਯੂ ਵਿੱਚ ਲਗਾਤਾਰ ਨਿਘਾਰ ਪੈਦਾ ਹੋ ਰਿਹਾ ਹੈ। ਜਿਸ ਲਈ ਵਿਸ਼ਵ ਦੇ ਪ੍ਰਮੁੱਖ ਦੇਸ਼ ਚਿੰਤਤ ਹਨ। ਇਸ ਲਈ ਵਾਤਾਵਰਨ, ਜਲਵਾਯੂ ਸਬੰਧੀ ਵਿਚਾਰ ਵਟਾਂਦਰੇ, ਭਵਿੱਖੀ ਨੀਤੀਆਂ ਆਦਿ ‘ਤੇ ਚਰਚਾ ਕਰਨ ਲਈ ਹਰ ਸਾਲ, ਸੰਯੁਕਤ ਰਾਸ਼ਟਰ (ਯੂਨਾਈਟਿਡ ਨੇਸ਼ਨਜ) ਇੱਕ ਗਲੋਬਲ ਜਲਵਾਯੂ ਪਰਿਵਰਤਨ ਕਾਨਫਰੰਸ ਕਰਦਾ ਹੈ ਜਿਸਨੂੰ ਕੋਪ ਕਿਹਾ ਜਾਂਦਾ ਹੈ। ਕੋਪ ਦਾ ਅਰਥ ਹੈ ‘ ਕਾਨਫਰੰਸ ਆਫ ਪਾਰਟੀਜ਼’। ਇਸ ਸਾਲ ਇਸ ਸੰਮੇਲਨ ਦੀ 26 ਵੀਂ ਵਰ੍ਹੇਗੰਢ ਹੈ। ਇਸ ਕਰਕੇ ਇਸਨੂੰ ਕੋਪ 26 ਦਾ ਨਾਮ ਦਿੱਤਾ ਗਿਆ ਹੈ। ਇਸ ਸੰਮੇਲਨ ਨੂੰ ਦੁਨੀਆ ਦੀਆਂ ਸਭ ਤੋਂ ਵੱਡੀਆਂ ਅੰਤਰਰਾਸ਼ਟਰੀ ਮੀਟਿੰਗਾਂ ਵਿੱਚੋਂ, ਜਲਵਾਯੂ ਤਬਦੀਲੀ ਨੂੰ ਨਿਯੰਤਰਣ ਵਿੱਚ ਲਿਆਉਣ ਦਾ ਵਿਸ਼ਵ ਦਾ ਸਭ ਤੋਂ ਵਧੀਆ ਮੌਕਾ ਮੰਨਿਆ ਜਾਂਦਾ ਹੈ। ਇਸਦੇ ਇਲਾਵਾ ਕੋਪ 26 ਨੂੰ 2050 ਤੱਕ ਨੈੱਟ-ਜ਼ੀਰੋ ਕਾਰਬਨ ਨਿਕਾਸ ਨੂੰ ਪ੍ਰਾਪਤ ਕਰਨ ਅਤੇ ਇਸ ਸਦੀ ਵਿੱਚ ਗਲੋਬਲ ਔਸਤਨ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਲਈ ਇੱਕ ਨਾਜ਼ੁਕ ਮੌਕੇ ਵਜੋਂ ਵੇਖਿਆ ਜਾਂਦਾ ਹੈ।

    ਕੋਪ 26 ਸੰਮੇਲਨ ਕਦੋਂ ਅਤੇ ਕਿੱਥੇ ਹੈ?

    ਇਸ ਸਾਲ ਦਾ ਕੋਪ 26 ਜਲਵਾਯੂ ਸੰਮੇਲਨ 31 ਅਕਤੂਬਰ 2021 ਤੋਂ ਲੈ ਕੇ 12 ਨਵੰਬਰ 2021 ਤੱਕ ਸਕਾਟਲੈਂਡ ਦੇ ਸ਼ਹਿਰ ਗਲਾਸਗੋ ‘ਚ ਸਕਾਟਿਸ਼ ਇਵੈਂਟ ਕੈਂਪਸ ਵਿੱਚ ਹੋ ਰਿਹਾ ਹੈ। ਇਹ ਸੀ 40 ਸਿਟੀਜ਼ ਨੈਟਵਰਕ ਦਾ ਹਿੱਸਾ ਹੈ, ਜੋ ਵਿਸ਼ਵ ਭਰ ਦੇ ਲਗਭਗ 100 ਵੱਡੇ ਸ਼ਹਿਰਾਂ ਦਾ ਸਮੂਹ ਹੈ ਜੋ ਜਲਵਾਯੂ ਤਬਦੀਲੀ ‘ਤੇ ਤੇਜ਼ੀ ਨਾਲ ਕਾਰਵਾਈ ਕਰਨ ਲਈ ਕੰਮ ਕਰ ਰਿਹਾ ਹੈ।

    ਕੋਪ 26 ਵਿੱਚ ਕੌਣ ਸ਼ਾਮਲ ਹੋ ਰਿਹਾ ਹੈ ?

    ਗਲਾਸਗੋ ਦੇ ਜਲਵਾਯੂ ਸੰਮੇਲਨ ਵਿੱਚ 190 ਤੋਂ ਵੱਧ ਵਿਸ਼ਵ ਨੇਤਾਵਾਂ ਦੇ ਨਾਲ ਹਜ਼ਾਰਾਂ ਵਾਰਤਾਕਾਰਾਂ, ਸਰਕਾਰੀ ਪ੍ਰਤੀਨਿਧੀਆਂ, ਨਾਗਰਿਕਾਂ ਅਤੇ ਕਾਰੋਬਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਪੁਸ਼ਟੀ ਕੀਤੀ ਹੈ ਕਿ ਮਹਾਰਾਣੀ ਐਲਿਜਾਬੈਥ ਵੀ ਕੋਪ 26 ਵਿੱਚ ਵੀ ਸ਼ਮੂਲੀਅਤ ਕਰਨਗੇ। ਇਸਦੇ ਇਲਾਵਾ ਵਿਸ਼ਵ ਦੇ ਹੋਰ ਪ੍ਰਮੁੱਖ ਨੇਤਾਵਾਂ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਕੋਪ 26 ਵਿੱਚ ਸ਼ਾਮਲ ਹੋਣਗੇ। ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਵੀ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਹਾਮੀ ਭਰੀ ਹੈ।

    ਕੋਪ 26 ਤੋਂ ਵਿਸ਼ਵ ਨੇਤਾਵਾਂ ਦੀ ਉਮੀਦ

    ਕੋਪ 26 ਸਿਖਰ ਸੰਮੇਲਨ ਵਿਸ਼ਵ ਨੇਤਾਵਾਂ ਨੂੰ ਪੈਰਿਸ ਜਲਵਾਯੂ ਸਮਝੌਤੇ ਦੇ ਟੀਚਿਆਂ ਅਤੇ ਜਲਵਾਯੂ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਵੱਲ ਕਾਰਵਾਈ ਤੇਜ਼ ਕਰਨ ਲਈ ਯਤਨ ਕਰ ਰਿਹਾ ਹੈ।

    ਇਸ ਸੰਮੇਲਨ ਦੇ ਪ੍ਰਮੁੱਖ ਉਦੇਸ਼-
    1. ਇਸ ਸਦੀ ਦੇ ਅੱਧ ਤੱਕ ਗਲੋਬਲ ਨੈੱਟ ਜ਼ੀਰੋ ਨੂੰ ਸੁਰੱਖਿਅਤ ਕਰਨਾ ਅਤੇ 1.5 ਡਿਗਰੀ ਨੂੰ ਪਹੁੰਚ ‘ਚ ਰੱਖਣਾ

    2. ਸਮਾਜ ਅਤੇ ਕੁਦਰਤੀ ਨਿਵਾਸਾਂ ਦੀ ਰੱਖਿਆ ਲਈ ਅਨੁਕੂਲ ਬਣਨਾ

    3. ਵਿਕਸਤ ਦੇਸ਼ਾਂ ਦੁਆਰਾ ਜਲਵਾਯੂ ਲਈ 100 ਬਿਲੀਅਨ ਡਾਲਰ ਨੂੰ ਪੂਰਾ ਕਰਨਾ

    4. ਪੈਰਿਸ ਰੂਲਬੁੱਕ ਨੂੰ ਅੰਤਮ ਰੂਪ ਦੇਣਾ, ਜੋ ਕਿ ਪੈਰਿਸ ਸਮਝੌਤੇ ਨੂੰ ਕਾਰਜਸ਼ੀਲ ਬਣਾਉਂਦਾ ਹੈ ਅਤੇ ਸਰਕਾਰਾਂ, ਕਾਰੋਬਾਰਾਂ ਅਤੇ ਸਮਾਜ ਦੇ ਸਹਿਯੋਗ ਨਾਲ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਕਾਰਵਾਈ ਨੂੰ ਤੇਜ਼ ਕਰਦਾ ਹੈ।

    ਯੂਕੇ ਦਾ ਜਲਵਾਯੂ ਪਰਿਵਰਤਨ ਬਾਰੇ ਯੋਗਦਾਨ

    ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਹਰੀ ਤਕਨਾਲੋਜੀ ਵਿੱਚ ਅਰਬਾਂ ਦੇ ਨਿਵੇਸ਼ ਦੀ ਮੰਗ ਕੀਤੀ ਹੈ। ਜੌਹਨਸਨ ਨੇ ਯੂਕੇ ਵਿੱਚ ਗ੍ਰੀਨ ਪਾਵਰ ਸਕੀਮਾਂ ਵਿੱਚ ਨਿੱਜੀ ਖੇਤਰ ਦੇ 200 ਮਿਲੀਅਨ ਡਾਲਰ ਦੇ ਵਾਧੂ ਨਿਵੇਸ਼ ਲਈ ਬਿੱਲ ਗੇਟਸ ਦੀ ਊਰਜਾ ਸੰਸਥਾ ਦੇ ਨਾਲ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਵੀ ਕੀਤਾ ਹੈ। 19 ਅਕਤੂਬਰ ਨੂੰ ਸਰਕਾਰ ਦੇ ਗਲੋਬਲ ਇਨਵੈਸਟਮੈਂਟ ਸੰਮੇਲਨ ਵਿੱਚ ਬੋਲਦਿਆਂ ਜੌਹਨਸਨ ਨੇ ਕਿਹਾ ਕਿ ਕੰਪਨੀਆਂ ਦੁਆਰਾ ਨਿਵੇਸ਼ ਕੀਤੇ ਜਾਣ ਵਾਲੇ ਅਰਬਾਂ ਡਾਲਰ ਕੁਦਰਤੀ ਵਿਕਾਸ ਅਤੇ ਨੌਕਰੀਆਂ ਪੈਦਾ ਕਰਨ ਲਈ ਜ਼ਰੂਰੀ ਹਨ।ਇਸਦੇ ਇਲਾਵਾ ਘਰਾਂ ਤੋਂ ਨਿਕਾਸ ਨੂੰ ਘਟਾਉਣ ਦੇ ਯਤਨਾਂ ਦੇ ਹਿੱਸੇ ਵਜੋਂ ਘਰਾਂ ਨੂੰ ਆਪਣੇ ਗੈਸ ਬਾਇਲਰ ਨੂੰ ਘੱਟ ਕਾਰਬਨ ਹੀਟ ਪੰਪ ਨਾਲ ਬਦਲਣ ਲਈ 5,000 ਪੌਂਡ ਦੀ ਗ੍ਰਾਂਟ ਵੀ ਉਪਲੱਬਧ ਹੋਵੇਗੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!