ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਜੋ ਕਿ ਇਸ ਮਹੀਨੇ ਦੇ ਅਖੀਰ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿੱਚ ਭਾਗ ਲੈਣ ਲਈ ਜਾ ਰਹੇ ਹਨ। ਇਸ ਦੌਰੇ ਦੌਰਾਨ ਉਹਨਾਂ ਵੱਲੋਂ ਯੂਰਪ ਵਿੱਚ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕਰਨੀ ਤੈਅ ਕੀਤੀ ਗਈ ਹੈ। ਵਾਈਟ ਹਾਊਸ ਦੇ ਅਨੁਸਾਰ, ਪੋਪ ਨਾਲ ਮੁਲਾਕਾਤ ਦੌਰਾਨ ਜਲਵਾਯੂ ਸੰਕਟ, ਕੋਰੋਨਾ ਅਤੇ ਗਰੀਬੀ ਆਦਿ ਮੁੱਖ ਮੁੱਦੇ ਹੋਣਗੇ। ਵਾਈਟ ਹਾਊਸ ਅਨੁਸਾਰ ਇਹ ਮੀਟਿੰਗ 29 ਅਕਤੂਬਰ ਨੂੰ ਹੋਵੇਗੀ ਅਤੇ ਇਸ ਤੋਂ ਬਾਅਦ ਬਾਈਡੇਨ ਕੋਪ 26 ਲਈ ਗਲਾਸਗੋ ਜਾਣ ਤੋਂ ਪਹਿਲਾਂ ਰੋਮ ਵਿੱਚ ਜੀ -20 ਨੇਤਾਵਾਂ ਨਾਲ ਦੋ ਦਿਨਾਂ ਸੰਮੇਲਨ ਵਿੱਚ ਵੀ ਸ਼ਾਮਲ ਹੋਣਗੇ। ਬਾਈਡੇਨ ਨੇ ਇਸ ਤੋਂ ਪਹਿਲਾਂ ਪੋਪ ਫ੍ਰਾਂਸਿਸ ਨਾਲ ਤਿੰਨ ਵਾਰ ਮੁਲਾਕਾਤ ਕੀਤੀ ਹੈ। ਬਾਈਡੇਨ ਦੀ ਪਹਿਲੀ ਮੁਲਾਕਾਤ ਪੋਪ ਨਾਲ, ਉਹਨਾਂ ਦੇ ਉਦਘਾਟਨ ਵੇਲੇ 2013 ਵਿੱਚ ਹੋਈ ਸੀ। ਉਸ ਤੋਂ ਬਾਅਦ ਪੋਪ ਦੀ 2015 ਅਤੇ 2016 ਵਿੱਚ ਬਾਈਡੇਨ ਨਾਲ ਮੁਲਾਕਾਤ ਹੋਈ।
