ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁੱਧ ਕੀਤੀ ਜੋਰਦਾਰ ਨਾਅਰੇਬਾਜ਼ੀ
ਮੋਗਾ (ਪੰਜ ਦਰਿਆ ਬਿਊਰੋ) ਮੋਗਾ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਕਿਸਾਨ ਸੰਘਰਸ਼ ਸਹਾਇਤਾ ਕਮੇਟੀ, ਡੀ. ਟੀ. ਐੱਫ.ਪੰਜਾਬ, ਪੰਜਾਬ ਗੌ.ਪੈਨਸ਼ਨਰਜ਼ ਐਸੋਸੀਏਸ਼ਨ, ਰਾਜਪੂਤ ਭਲਾਈ ਸਭਾ, ਐਨ ਜੀ. ਓ. ਐਸੋਸੀਏਸ਼ਨ ਤੇ ਸਮਾਜਿਕ ਸੰਸਥਾਵਾਂ ਦੇ ਸੱਦੇ ਤੇ ਨੇਚਰ ਪਾਰਕ ਮੋਗਾ ਵਿਖੇ ਰੋਹ ਭਰਪੂਰ ਰੋਸ ਰੈਲੀ ਕਰਦਿਆਂ ਲਖੀਮਪੁਰ ਖੀਰੀ ਦੇ ਕਿਸਾਨ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ ।ਰੈਲੀ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਮੋਗਾ, ਮਹਿੰਦਰ ਪਾਲ ਲੂੰਬਾ, ਡਾ. ਸੁਰਜੀਤ ਬਰਾੜ ਘੋਲੀਆ, ਪੇ੍ਮ ਕੁਮਾਰ ਮੋਗਾ, ਕੁਲਬੀਰ ਸਿੰਘ ਪੈਰਾ ਮੈਡੀਕਲ ਆਗੂ ,ਬੇਅੰਤ ਕੌਰ ਗਿੱਲ, ਅਮਨਦੀਪ ਸਿੰਘ ਮਟਵਾਣੀ ਅਤੇ ਭਵਨਦੀਪ ਸਿੰਘ ਪੁਰਬਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਜਨ ਅੰਦੋਲਨ ਬਣ ਚੁੱਕੇ ਕਿਸਾਨ ਸੰਘਰਸ਼ ਨੂੰ ਕੁਚਲਣ ਦੀ ਸਾਜ਼ਿਸ਼ ਹੇਠ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਵੱਲੋਂ ਆਪਣੀ ਗੁੰਡਾ ਢਾਣੀ ਸਮੇਤ ਕਿਸਾਨਾਂ ਉੱਤੇ ਤੇਜ਼ ਰਫਤਾਰ ਗੱਡੀ ਚਾੜ੍ਹੀ ਗਈ ਤੇ ਇਸ ਕਰਕੇ ਹੀ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਹੋ ਗਏ ।ਬੇਹੱਦ ਨਿੰਦਣਯੋਗ ਇਸ ਘਟਨਾ ਦੇ ਬਾਵਜੂਦ ਸੰਘਰਸ਼ ਕਰ ਰਹੇ ਕਿਸਾਨਾਂ ਤੇ ਉਹਨਾਂ ਦੇ ਹਮਾਇਤੀਆਂ ਦੇ ਹੌਸਲੇ ਬੁਲੰਦ ਹਨ ਅਤੇ ਲੋਕ ਦਿਨੋ-ਦਿਨ ਇਸ ਅੰਦੋਲਨ ਨਾਲ ਵੱਡੀ ਪੱਧਰ ਤੇ ਜੁੜ ਰਹੇ ਹਨ, ਜਿਸ ਕਾਰਨ ਭਾਜਪਾ ਦੇ ਆਗੂ ਬੁਖਲਾ ਗਏ ਹਨ ਅਤੇ ਹੋਸ਼ੀਆਂ ਹਰਕਤਾਂ ਤੇ ਉਤਰ ਆਏ ਹਨ ।ਬੁਲਾਰਿਆਂ ਨੇ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਭੜਕਊ ਬਿਆਨ ਦੇਣ ਦੇ ਦੋਸ਼ ਵਿੱਚ ਬਰਖਾਸਤ ਕਰਨ ਅਤੇ ਇਸ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਉਸਦੇ ਸਾਥੀਆਂ ਸਮੇਤ ਸਖਤ ਸਜ਼ਾਵਾਂ ਦੇਣ, ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ, ਬਿਜਲੀ ਸੋਧ ਬਿੱਲ 2020 ਰੱਦ ਕਰਨ ਸਮੇਤ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਫੌਰੀ ਮੰਨਣ ਦੀ ਪੁਰਜ਼ੋਰ ਮੰਗ ਕੀਤੀ ।ਹੋਰਨਾਂ ਆਗੂਆਂ ਜੰਗੀਰ ਸਿੰਘ ਖੋਖਰ, ਸੁਖਪਾਲ ਜੀਤ ਸਿੰਘ ਮੋਗਾ, ਕੁਲਦੀਪ ਸਿੰਘ ਰਾਜਪੂਤ, ਨਾਇਬ ਸਿੰਘ, ਅਮਰਦੀਪ ਸਿੰਘ ਬੁੱਟਰ, ਸੁਖਜੀਤ ਸਿੰਘ ਲੰਢੇਕੇ ਕਿਸਾਨ ਆਗੂ, ਬਲਵਿੰਦਰ ਸਿੰਘ ਰੋਡੇ, ਨਿਤਾਸ਼ਾ ਕੌਸ਼ਲ, ਸ਼ਵਿੰਦਰ ਪਾਲ ਕੌਰ, ਸੁਖਦੇਵ ਸਿੰਘ ਬਰਾੜ ਨੇ ਮੋਦੀ ਹਕੂਮਤ ਵੱਲੋਂ ਜਨਤਕ ਅਦਾਰੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਕਰੜੀ ਨਿਖੇਧੀ ਕਰਦਿਆਂ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਛੜੱਪੇ ਮਾਰ ਕੇ ਵਧ ਰਹੀ ਹੈ ਤੇ ਸਰਕਾਰ ਲੋਕਾਂ ਨੂੰ ਧਰਮ ਦੇ ਜਾਲ ਵਿੱਚ ਫਸਾ ਕੇ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਕਰਨ ਦੀ ਕੋਝੀ ਸਾਜਿਸ਼ ਕਰ ਰਹੀ ਹੈ। ਉਨ੍ਹਾਂ ਕਿਸਾਨ ਸੰਘਰਸ਼ ਦੀ ਜਿੱਤ ਤੱਕ ਡਟਵੀਂ ਹਮਾਇਤ ਕਰਦੇ ਰਹਿਣ ਦਾ ਐਲਾਨ ਕੀਤਾ । ਨੇੜਲੇ ਸ਼ਹਿਰ ਜਗਰਾਉਂ ਤੋਂ ਜੁਗਿੰਦਰ ਅਜ਼ਾਦ, ਮਲਕੀਤ ਸਿੰਘ ਸੇਵਾ ਮੁਕਤ ਡੀ ਟੀ ਐੱਫ, ਪੈਰਾਮੈਡੀਕਲ ਆਗੂ ਰਮਨਦੀਪ ਭੁੱਲਰ, ਅਮਰਦੀਪ ਸਿੰਘ, ਹਰਜਿੰਦਰ ਚੁਗਾਵਾਂ ਅਤੇ ਨਰਜੀਤ ਕੌਰ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਰੈਲੀ ਉਪਰੰਤ ਸੈਂਕੜਿਆਂ ਦੀ ਗਿਣਤੀ ਵਿੱਚ ਹਾਜਰ ਲੋਕਾਂ ਨੇ ਹੱਥਾਂ ਵਿੱਚ ਜਗਦੀਆਂ ਮੋਮਬੱਤੀਆਂ ਲੈ ਕੇ ਨੇਚਰ ਪਾਰਕ ਤੋਂ ਲੈਕੇ ਬੱਸ ਅੱਡਾ ਚੌਂਕ ਤੱਕ ਬਜ਼ਾਰ ਵਿੱਚ ਰੋਸ ਮਾਰਚ ਕੀਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਨਾਅਰੇਬਾਜ਼ੀ ਕੀਤੀ ।