ਜੋਗਾ(ਪੰਜ ਦਰਿਆ ਬਿਊਰੋ) ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਸਕੂਲ ਦੇ ਲੀਗਲ ਲਿਟਰੇਸੀ ਕਲੱਬ ਵੱਲੋਂ ‘ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਤਹਿਤ ਨਸ਼ਾ ਵਿਰੋਧੀ ਪੇਂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜ਼ ਸ਼ਰਨਜੀਤ ਕੌਰ ਜੋਗਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਜੇ.ਐਮ.-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਮੁਖੀ ਪਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਸਕੂਲ ਪੱਧਰੀ ਨਸ਼ਾ ਵਿਰੋਧੀ ਪੇਂਟਿੰਗ ਮੁਕਾਬਲੇ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚੋਂ ਜਮਾਤ 11ਵੀਂ (ਬੀ) ਦੇ ਵਿਦਿਆਰਥੀਆਂ ਗੁਰਨੂਰ ਸਿੰਘ ਤੇ ਜੋਗਿੰਦਰ ਸਿੰਘ ਨੇ ਪਹਿਲਾ, ਜਮਾਤ 12ਵੀਂ (ਏ) ਦੇ ਵਿਦਿਆਰਥੀਆਂ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਜਮਾਤ ਨੌਵੀਂ ਦੇ ਵਿਦਿਆਰਥੀਆਂ ਮਨਿੰਦਰ ਸਿੰਘ ਤੇ ਵਰਿੰਦਰ ਸਿੰਘ ਅਤੇ ਜਸ਼ਨਦੀਪ ਤੇ ਹਰਜੋਤ ਸਿੰਘ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਮੁਖੀ ਅਤੇ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
