ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੀ ਟੂਲੇਰੀ ਕਾਉੰਟੀ ਦੀ ਇੱਕ ਜੇਲ੍ਹ ਵਿੱਚ 31 ਕੈਦੀਆਂ ਦਾ ਕੋਰੋਨਾ ਟੈਸਟ ਪਾਜੇਟਿਵ ਆਇਆ ਹੈ। ਕਾਉਂਟੀ ਦੇ ਸ਼ੈਰਿਫ ਦਫਤਰ ਦੇ ਅਨੁਸਾਰ ਕਾਉਂਟੀ ਦੇ 31 ਕੈਦੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਡਿਪਟੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ 8 ਅਕਤੂਬਰ ਨੂੰ, ਬੌਬ ਵਿਲੀ ਡਿਟੈਂਸ਼ਨ ਸੈਂਟਰ ਦੇ ਇੱਕ ਕੈਦੀ ਨੇ ਵਾਈਸਾਲੀਆ ਸੁਪੀਰੀਅਰ ਕੋਰਟ ਵਿੱਚ ਪੇਸ਼ੀ ਤੋਂ ਵਾਪਸ ਆਉਣ ਤੋਂ ਬਾਅਦ ਬਿਮਾਰ ਹੋਣ ਦੀ ਸ਼ਿਕਾਇਤ ਕੀਤੀ। ਇਸ ਵਿਅਕਤੀ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਗਾਇਆ ਗਿਆ ਸੀ ਅਤੇ ਇਸਦੇ ਜੇਲ੍ਹ ਅਤੇ ਅਦਾਲਤ ਵਿੱਚ ਪੇਸ਼ ਹੋਣ ਦੇ ਦੌਰਾਨ ਕੋਰੋਨਾ ਤੋਂ ਸੁਰੱਖਿਆ ਦੇ ਮੱਦੇਨਜ਼ਰ ਪ੍ਰਬੰਧ ਕੀਤੇ ਹੋਏ ਸਨ। ਇਸ ਕੈਦੀ ਦੀ ਜਦ ਕੋਵਿਡ -19 ਲਈ ਜਾਂਚ ਕੀਤੀ ਗਈ ਤਾਂ ਟੈਸਟ ਦੇ ਨਤੀਜੇ ਪਾਜੇਟਿਵ ਸਨ। ਇਸ ਉਪਰੰਤ ਹੋਰ 30 ਦੇ ਕਰੀਬ ਕੈਦੀਆਂ ਦੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਕੈਦੀ ਵਾਇਰਸ ਦੇ ਲੱਛਣ ਦਿਖਾ ਰਹੇ ਸਨ। ਇਹਨਾਂ ਨਤੀਜਿਆਂ ਕਰਕੇ ਜੇਲ੍ਹ ਅਧਿਕਾਰੀਆਂ ਨੇ ਤੁਰੰਤ ਪ੍ਰੋਟੋਕੋਲ ਲਾਗੂ ਕੀਤੇ, ਜਿਸ ਵਿੱਚ ਸੰਪਰਕ ਟਰੇਸਿੰਗ, ਟੈਸਟਿੰਗ, ਕੁਆਰੰਟੀਨ ਅਤੇ ਸਵੱਛਤਾ ਸ਼ਾਮਲ ਹੈ। ਇਸਦੇ ਨਾਲ ਹੀ ਸਾਰੇ ਕੋਰੋਨਾ ਪ੍ਰਭਾਵਿਤ ਕੈਦੀਆਂ ਨੂੰ, ਪ੍ਰੋਟੋਕੋਲ ਦੇ ਅਨੁਸਾਰ, ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ।
