ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਟੈਕਸਾਸ ਵਿੱਚ ਬਾਰਡਰ ਪੈਟਰੋਲ ਏਜੰਟਾਂ ਨੇ 24 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਗੈਰਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਨ ਤੋਂ ਬਾਅਦ ਇੱਕ ਟਰੇਨ ਰਾਹੀਂ ਅਮਰੀਕਾ ਵਿੱਚ ਅੱਗੇ ਜਾਣ ਦੀ ਕੋਸ਼ਿਸ ਕਰ ਰਹੇ ਸਨ। ਇਸ ਮਾਮਲੇ ਵਿੱਚ ਕਾਰਪਸ ਕ੍ਰਿਸਟੀ ਬਾਰਡਰ ਪੈਟਰੋਲ ਸਟੇਸ਼ਨ ਦੇ ਏਜੰਟਾਂ ਨੂੰ ਸ਼ੁੱਕਰਵਾਰ ਦੁਪਹਿਰ ਨੂੰ ਰੋਬਸਟਾਊਨ ਦੇ ਨਜ਼ਦੀਕ ਰੇਲ ਪਟੜੀਆਂ ਦੇ ਕੋਲ 10 ਸ਼ੱਕੀ ਪ੍ਰਵਾਸੀਆਂ ਦੇ ਬਾਰੇ ਵਿੱਚ ਇੱਕ 911 ਕਾਲ ਪ੍ਰਾਪਤ ਹੋਈ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੇ ਅਨੁਸਾਰ, ਬਾਰਡਰ ਪੈਟਰੋਲ ਏਜੰਟਾਂ ਨੇ ਨਿਊਸੇਸ ਕਾਉਂਟੀ ਸ਼ੈਰਿਫ ਅਤੇ ਰੋਬਸਟਾਊਨ ਪੁਲਿਸ ਵਿਭਾਗ ਦੇ ਨਾਲ ਕੰਮ ਕਰਦੇ ਹੋਏ ਤਕਰੀਬਨ 22 ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਇਸ ਸਮੂਹ ਕੋਲੋਂ ਇੱਕ ਬੋਲਟ ਕਟਰਾਂ ਵਾਲਾ ਇੱਕ ਬੈਗ ਵੀ ਬਰਾਮਦ ਕੀਤਾ ਜੋ ਕਿ ਸੰਭਾਵਿਤ ਤੌਰ ‘ਤੇ ਟ੍ਰੇਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੀ। ਇਸਦੇ ਇਲਾਵਾ ਜਦੋਂ ਅਧਿਕਾਰੀਆਂ ਵੱਲੋਂ ਇਹਨਾਂ ਪ੍ਰਵਾਸੀਆਂ ਨੂੰ ਲਿਜਾਣ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਉਹਨਾਂ ਕੋਲ ਇੱਕ ਨੀਲਾ ਜੀ ਐਮ ਸੀ ਯੂਕੋਨ ਪਾਸ ਵੇਖਿਆ। ਜਿਸ ਉਪਰੰਤ ਅਧਿਕਾਰੀਆਂ ਨੇ ਆਵਾਜਾਈ ਰੋਕ ਦਿੱਤੀ ਅਤੇ ਦੋ ਹੋਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਿਆ। ਬਾਰਡਰ ਪੈਟਰੋਲਿੰਗ ਏਜੰਟਾਂ ਨੇ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦੱਸਿਆ ਕਿ ਇਹ ਪ੍ਰਵਾਸੀ ਮੈਕਸੀਕੋ, ਗੁਆਟੇਮਾਲਾ ਅਤੇ ਅਲ ਸਾਲਵਾਡੋਰ ਦੇ ਨਾਗਰਿਕ ਸਨ।
