ਬਠਿੰਡਾ (ਅਸ਼ੋਕ ਵਰਮਾ) ਕਪਾਹ ਪੱਟੀ ਦੀਆਂ ਬਿਰਧ ਔਰਤਾਂ ਨੇ ਆਪਣੀ ਉਮਰ ਨੂੰ ਪਛਾੜਦਿਆਂ ਕਿਸਾਨ ਸੰਘਰਸ਼ਾਂ ਨੂੰ ਮੋਢਾ ਦਿੱਤਾ ਹੋਇਆ ਹੈ। ਇੰਨ੍ਹਾਂ ਵਿੱਚੋਂ ਕਈ ਤਾਂ ਅਜਿਹੀਆਂ ਵੀ ਹਨ ਜਿੰਨ੍ਹਾਂ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਘੋਲ ਲੇਖੇ ਲਾਇਆ ਹੈ। ਦਿੱਲੀ ਦੀਆਂ ਬਰੂਹਾਂ ਹੋਣ ਜਾਂ ਫਿਰ ਪੰਜਾਬ ’ਚ ਚੱਲਣ ਵਾਲਾ ਕੋਈ ਦੂਸਰਾ ਮੋਰਚਾ ਉਂਮਰ ਦੇ ਆਖਰੀ ਪੜਾਅ ਵੱਲ ਵਧ ਰਹੀਆਂ ਔਰਤਾਂ ਆਪਣਾ ਆਖਰੀ ਸਾਲ ਕਿਰਸਾਨੀ ਲੇਖੇ ਲਾਉਣਾ ਚਾਹੁੰਦੀਆਂ ਹਨ। ਮਹੱਤਵਪੂਰਨ ਤੱਥ ਹੈ ਕਿ ਕਾਫੀ ਗਿਣਤੀ ਉਨ੍ਹਾਂ ਬਜ਼ੁਰਗ ਔਰਤਾਂ ਦੀ ਵੀ ਹੈ ਜਿੰਨ੍ਹਾਂ ਦੇ ਪਹਿਲਾਂ ਤਾਂ ਸਿਰਾਂ ਦੇ ਸਾਈਂ ਕਰਜੇ ਦੀ ਪੰਡ ਦਾ ਬੋਝ ਨਾਂ ਸਹਾਰਿਦਆਂ ਖੁਦਕਸ਼ੀ ਦੇ ਰਾਹ ਪੈ ਗਏ ਜਦੋਂਕਿ ਬਾਅਦ ’ਚ ਇਹੋ ਕਰਜਾ ਕਿਸੇ ਮਾਂ ਦੇ ਗੱਭਰੂ ਪੁੱਤ, ਕਿਸੇ ਦੀ ਨੂੰਹ ਜਾਂ ਚੜ੍ਹਦੀ ਉਮਰੇ ਪੋਤੇ ਨੂੰ ਖਾ ਗਿਆ ।
ਬਿਰਧ ਔਰਤਾਂ ਦਾ ਹੌਂਸਲਾ ਦੇਖਣ ਵਾਲਾ ਹੈ ਜੋ ਹੁਣ ਵੀ ਜਜਬੇ ਨਾਲ ਆਖਦੀਆਂ ਹਨ ਕਿ ਜੇ ਜੀਣਾ ਹੈ ਤਾਂ ਲੜਨਾ ਹੀ ਪੈਣਾ ਹੈ। ਅਸਲ ’ਚ ਸਾਲ 2015 ’ਚ ਚਿੱਟੀ ਮੱਖੀ ਦੇ ਹੱਲੇ ਤੋਂ ਬਾਅਦ ਬਠਿੰਡਾ ’ਚ ਲੱਗੇ ਕਿਸਾਨ ਮੋਰਚੇ ਮਗਰੋਂ ਸੰਘਰਸ਼ ਦੌਰਾਨ ਪੇਂਡੂ ਔਰਤਾਂ ਦੀ ਸ਼ਮੂਲੀਅਤ ‘ਚ ਵਾਧਾ ਹੋਇਆ ਸੀ ਜੋ ਲਗਾਤਾਰ ਜਾਰੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿੱਚ ਲੱਗੇ ਮੋਰਚੇ ਦੌਰਾਨ ਇਨ੍ਹਾਂ ਔਰਤਾਂ ਨੇ ਕਰਜਿਆਂ ਦੀ ਭਾਰੀ ਪੰਡ ਨਾਲ ਜੂਝਦੇ ਆਪਣੇ ਪੁੱਤਾਂ ਪੋਤਿਆਂ ਅਤੇ ਗੁਲਾਬੀ ਸੁੰਡੀ ਨਾਲ ਹੋਈ ਫਸਲਾਂ ਦੀ ਤਬਾਹੀ ਦੀ ਗੱਲ ਕੀਤੀ । ਇਸ ਦੇ ਨਾਲ ਹੀ ਬਿਰਧ ਔਰਤਾਂ ਨੇ ਸਰਕਾਰ ਦੀ ਬੇਰੁਖੀ ਨੂੰ ਲੈਕੇ ਪ੍ਰੀਵਾਰ ਦੇ ਕਮਾਊ ਜੀਆਂ ਦੇ ਸਿਰਾਂ ਤੇ ਮੰਡਰਾ ਰਹੇ ਖਤਰਿਆਂ ਪ੍ਰਤੀ ਫਿਕਰ ਜਾਹਰ ਕੀਤੇ ਅਤੇ ਤੁਰੰਤ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਤਾਂ ਬਕਾਇਦਾ ਆਪਣੀ ਔਰਤ ਜੱਥੇਬੰਦੀ ਬਣਾਕੇ ਸਰਕਾਰਾਂ ਦੇ ਦਾਬਾ ਪਾਉਣ ਵਾਲੇ ਵਤੀਰੇ ਨੂੰ ਦੇਖਦਿਆਂ ਇੰਨ੍ਹਾਂ ਪੇਂਡੂ ਔਰਤਾਂ ਨੇ ਸੰਘਰਸ਼ ਦੇ ਮੈਦਾਨ ‘ਚ ਉਤਰਨ ਦਾ ਪੈਂਤੜਾ ਅਖਤਿਆਰ ਕੀਤਾ ਹੈ। ਹੁਣ ਜਦੋਂ ਸਰਕਾਰ ਨਰਮੇ ਦੀ ਬਰਬਾਦੀ ਲਈ ਵਿੱਤੀ ਸਹਾਇਤਾ ਦੇਣ ਤੋਂ ਭੱਜਦੀ ਦਿਖਾਈ ਦੇ ਰਹੀ ਹੈ ਤਾਂ ਵੀ ਔਰਤ ਔਰਤ ਸ਼ਕਤੀ ਲਾਮਬੰਦੀ ਹੋ ਰਹੀ ਹੈ। ਆਪਣੀ ਉਮਰ ਦੇ 75 ਵਰਿ੍ਹਆਂ ਨੂੰ ਢੁੱਕ ਚੁੱਕੀ ਬਿਰਧ ਕਰਤਾਰ ਕੌਰ ਨੇ ਦੱਸਿਆ ਕਿ ਨਰਮੇ ਕਪਾਹ ਦੀ ਫਸਲ ਗੁਲਾਬੀ ਸੁੰਡੀ ਨੇ ਖਾ ਲਈ ਹੈ ਜਿਸ ਕਰਕੇ ਕਿਸਾਨ ਆਰਥਿਕ ਤੌਰ ਤੇ ਕੱਖੋਂ ਹੌਲੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲਈ ਜੇ ਸਰਕਾਰ ਮੁਆਵਜਾ ਦਿੰਦੀ ਹੈ ਤਾਂ ਠੀਕ ਹੈ ਨਹੀਂ ਤਾਂ ਉਹ ਸੰਘਰਸ਼ ਦੇ ਮੈਦਾਨ ਚੋਂ ਮੁਆਵਜ਼ੇ ਦੀ ਲੜਾਈ ਲੜਨ ਲਈ ਤਿਆਰ ਹਨ। ਬਿਰਧ ਭਗਵਾਨ ਕੌਰ ਨੇ ਕਿਹਾ ਕਿ ਅਸਲ ’ਚ ਕਿਸਾਨੀ ਨੂੰ ਮਾੜੇ ਬੀਜਾਂ ਅਤੇ ਨਕਲੀ ਕੀਟਨਾਸ਼ਕਾਂ ਨੇ ਡੋਬਿਆ ਹੈ ਜਿੰਨ੍ਹਾਂ ਨੂੰ ਵਿਕਵਾਉਣ ’ਚ ਅਫਸਰਾਂ ਤੇ ਸਿਆਸੀ ਲੋਕਾਂ ਦੀ ਜਾਅਲੀ ਮਾਲ ਤਿਆਰ ਕਰਨ ਵਾਲੀਆਂ ਕੰਪਨੀਆਂ ਨਾਲ ਕਥਿਤ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਅਤੇ ਹਰ ਮਜ਼ਦੂਰ ਪ੍ਰੀਵਾਰ ਨੂੰ ਖੁੱਸੇ ਰੁਜ਼ਗਾਰ ਦਾ ਢੁੱਕਵਾਂ ਮੁਆਵਜਾ ਅਤੇ ਤਬਾਹੀ ਲਈ ਦੋਸ਼ੀ ਹਰ ਵਿਅਕਤੀ ਜਾਂ ਕੰਪਨੀ ਤੇ ਕਾਰਵਾਈ ਨਹੀਂ ਕਰਦੀ ਉਨੀਂ ਦੇਰ ਉਹ ਮੋਰਚੇ ‘ਚ ਸ਼ਾਮਲ ਹੁੰਦੀਆਂ ਰਹਿਣਗੀਆਂ। ਇਹ ਕੁੱਝ ਮਿਸਾਲਾਂ ਹਨ ਮਾਲਵੇ ’ਚ ਸੈਂਕੜੇ ਔਰਤਾਂ ਹਨ ਜੋ ਸੰਘਰਸ਼ ਦਾ ਬਿਗੁਲ ਵੱਜਦਿਆਂ ਮੈਦਾਨ ’ਚ ਨਿੱਤਦੀਆਂ ਹਨ। ਅੱਜ ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਦੇ ਚਿਹਰਿਆਂ ਤੇ ਝੋਨੇ ਅਤੇ ਨਰਮੇ ਦੀ ਫਸਲ ਵਿਕਣ ਦੇ ਨਾਲ ਨਾਲ ਹਾੜੀ ਦੀਆਂ ਚਿੰਤਾਵਾਂ ਵੀ ਨਜ਼ਰੀਂ ਪਈਆਂ ਤੇ ਸੰਘਰਸ਼ ਦਾ ਜਜਬਾ ਵੀ।
ਉੱਚਾ ਰੱਖਿਆ ਸੱਸ ਦੀ ਚੁੰਨੀਂ ਵਾਲਾ ਝੰਡਾ
ਅਹਿਮ ਸੰਘਰਸ਼ਾਂ ਦੇ ਗਵਾਹ ਪਿੰਡ ਜੇਠੂਕੇ ਦੀ ਔਰਤ ਆਗੂ ਹਰਪ੍ਰੀਤ ਕੌਰ ਜੇਠੂਕੇ ਨੇ ਅੱਜ ਵੀ ਆਪਣੀ ਸੱਸ ਵੱਲੋਂ ਦਿੱਤੀ ਚੁੰਨੀ ਨੂੰ ਦਾਗ ਨਹੀਂ ਲੱਗਣ ਦਿੱਤਾ ਹੈ। ਦਰਅਸਲ ਸਧਾਰਨ ਕਿਸਾਨ ਪ੍ਰੀਵਾਰ ’ਚ ਵਿਆਹੀ ਹਰਪ੍ਰੀਤ ਕੌਰ ਦੀ ਸੱਸ ਹਰੇਕ ਕਿਸਾਨ ਘੋਲ ’ਚ ਮੋਹਰੀ ਹੋਕੇ ਲੜਾਈ ਲੜਦੀ ਹੁੰਦੀ ਸੀ। ਅੰਤਲੇ ਸਮੇਂ ਉਸ ਨੇ ਆਪਣੀ ਚੁੰਨੀ ਨੂੰਹ ਦੇ ਹਵਾਲੇ ਕਰਦਿਆਂ ਏਨਾ ਹੀ ਆਖਿਆ ‘ਲੈ ਧੀਏ ਹੁਣ ਤੂੰ ਚੁੰਨੀ ਦਾ ਮਾਣ ਰੱਖੀ’। ਉਹ ਦਿਨ ਤੇ ਅੱਜ ਦਾ ਦਿਨ ਹਰਪ੍ਰੀਤ ਕੌਰ ਨੇ ਸੱਸ ਦੇ ਹਮੇਸ਼ਾ ਬੋਲ ਪੁਗਾਏ ਹਨ। ਕਿਸਾਨ ਖੁਦਕਸ਼ੀਆਂ ਤੋਂ ਸ਼ੁਰੂ ਕਰਕੇ ਜਦੋਂ ਉਹ ਕੌਮਾਂਤਰੀ ਨੀਤੀਆਂ ਤੇ ਆਪਣਾ ਭਾਸ਼ਣ ਮੁਕਾਉਂਦੀ ਹੈ ਤਾਂ ਵੱਡੇ ਵੱਡੇ ਅਫਸਰ ਵੀ ਦੰਗ ਰਹਿ ਜਾਂਦੇ ਹਨ।
ਸੰਘਰਸ਼ ਦੀ ਰਮਜ਼ ਪਛਾਣਦੀਆਂ ਔਰਤਾਂ
ਦੱਸਣਯੋਗ ਹੈ ਕਿ ਸਾਲ 2009 ’ਚ ਕਿਸਾਨ ਮਜ਼ਦੂਰ ਧਿਰਾਂ ਨੇ ਖੁਦਕਸ਼ੀਆਂ ਦਾ ਸ਼ਿਕਾਰ ਹੋਈਆਂ ਵਿਧਵਾ ਔਰਤਾਂ ਦੇ ਜਿਲ੍ਹਾ ਪੱਧਰੀ ਇਕੱਠ ਕੀਤੇ ਸਨ ਜਿਸ ਕਾਰਨ ਸਰਕਾਰ ਤੇ ਅਜਿਹਾ ਦਬਾਅ ਬਣਿਆ ਕਿ ਖੁਦਕਸ਼ੀ ਪੀੜਤ ਪ੍ਰੀਵਾਰਾਂ ਨੂੰ ਮਾਲੀ ਸਹਾਇਤਾ ਦਾ ਐਲਾਨਣੀ ਪਈ ਸੀ । ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਫਸਲਾਂ ਦੀ ਬਰਬਾਦੀ , ਕਰਜੇ ਕਾਰਨ ਡੁੱਬੀ ਆਰਥਿਕਤਾ ਅਤੇ ਘਰ ਦੇ ਕਮਾਊ ਜੀਅ ਤੁਰ ਜਾਣ ਕਾਰਨ ਔਰਤ ਨੂੰ ਵੱਡਾ ਸੰਤਾਪ ਹੰਢਾਉਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਇਸ ਕਰਕੇ ਹੀ ਪੇਂਡੂ ਔਰਤ ਸੰਘਰਸ਼ ਦੀ ਰਮਜ਼ ਪਛਾਨਣ ਲੱਗੀ ਹੈ ਕਿ ਸੜਕਾਂ ਤੇ ਉੱਤਰਨ ਤੋਂ ਬਗੈਰ ਕੋਈ ਨਹੀਂ ਬਚਿਆ ਹੈ।
