11.3 C
United Kingdom
Sunday, May 19, 2024

More

    ਬਠਿੰਡਾ ਪੱਟੀ ’ਚ ਅਗੇਤਿਆਂ ਹੀ ਅੰਬਰੀਂ ਚੜ੍ਹਨ ਲੱਗੀ ਚੋਣ ਅਖਾੜੇ ਦੀ ਧੂੜ

    ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੱਟੀ ’ਚ  ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਵੱਲੋਂ ਆਪਣੇ ਮੁੱਖ ਚੋਣ ਦਫਤਰ ਖੋਹਲਣ ਨਾਲ ਚੋਣ ਅਖਾੜੇ ਦੀ ਧੂੜ ਅਗੇਤਿਆਂ ਹੀ ਅੰਬਰੀਂ  ਚੜ੍ਹਨ ਲੱਗੀ ਹੈ। ਪਾਰਟੀ ਨੇ ਫਿਲਹਾਲ ਅਧਿਕਾਰਕ ਤੌਰ ਤੇ ਉਮੀਦਵਾਰਾਂ ਦਾ ਨਾਮ ਨਹੀਂ ਐਲਾਨਿਆ ਪਰ ਤਾਜਾ ਪ੍ਰਕਿਰਿਆ ਨੇ ਸਾਫ ਕਰ ਦਿੱਤਾ ਹੈ ਕਿ ਬਹੁਤੇ ਹਲਕਾ ਇੰਚਾਰਜ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰ ਹੋਣਗੇ। ਹਾਲਾਂਕਿ ਇਸ ਤਰਾਂ ਪਾਰਟੀ ਦੀ ਟਿਕਟ ਦੇ ਕਈ ਚਾਹਵਾਨਾਂ ਦੇ ਚਿਹਰਿਆਂ ਤੇ ਮਾਯੂਸੀ ਦਿਖਾਈ ਦੇਣ ਲੱਗੀ ਹੈ ਪਰ ਪਾਰਟੀ ਨੇ ਆਪਣੀ ਸਿਆਸੀ ਬੇੜੀ ਪਾਰ ਲਾਉਣ ਲਈ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਬਠਿੰਡਾ ਹਲਕੇ ’ਚ ਹਲਕਾ ਇੰਚਾਰਜ਼ ਜਗਰੂਪ ਸਿੰਘ ਨੇ ਆਪਣੇ ਮੁੱਖ ਚੋਣ ਦਫਤਰ ਦੀ ਸ਼ੁਰੂਆਤ ਕੀਤੀ ਹੈ ਜਿਸ ਨਾਲ ਚਰਚੇ ਛਿੜ ਗਏ ਹਨ ਕਿ ਅਗਾਮੀ ਅਸੈਂਬਲੀ ਚੋਣਾਂ ਦੌਰਾਨ ਜਗਰੂਪ ਸਿੰਘ ਗਿੱਲ ਹੀ ਆਮ ਆਦਮੀ ਪਾਰਟੀ ਤਰਫੋਂ ਉਮੀਦਵਾਰ ਹੋਣਗੇ। ਅਕਾਲੀ ਦਲ ਬਸਪਾ ਗੱਠਜੋੜ ਨੇ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ ਜਦੋਂਕਿ  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਵੱਲੋਂ ਚੋਣ ਮੈਦਾਨ ’ਚ ਕੁੱਦਣ ਦੀ ਪੂਰੀ ਪੂਰੀ ਸੰਭਾਵਨਾ ਹੈ। ਇਸ ਮਾਮਲੇ ’ਚ ਫਿਲਹਾਲ ਭਾਰਤੀ ਜੰਤਾ ਪਾਰਟੀ ਪਛੜੀ ਹੋਈ ਹੈ ਫਿਰ ਵੀ ਭਾਜਪਾ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਨੇ ਅੰਦਰੋ ਅੰਦਰੀ ਸਰਗਰਮੀਆਂ ਵਿੱਢੀਆਂ ਹੋਈਆਂ ਹਨ।   ਏਦਾਂ ਹੀ ਸਰੂਪ ਚੰਦ ਸਿੰਗਲਾ ਪਿਛਲੇ ਲੰਮੇ ਸਮੇਂ ਤੋਂ ਚੋਣ ਪਿੜ ਮਘਾਈ ਬੈਠੇ ਹਨ ਖਾਸ ਤੌਰ ਤੇ ਉਮੀਦਵਾਰ ਦੇ ਐਲਾਨ ਤੋਂ ਬਾਅਦ ਸਿੰਗਲਾ ਨੇ ਵੱਖ ਵੱਖ ਮੁੱਦਿਆਂ ਤੇ ਵਿਰੋਧੀਆਂ ਨੂੰ ਘੇਰਨਾ ਸ਼ੁਰੂ ਕੀਤਾ ਹੋਇਆ ਹੈ। ਅੱਜ ਦੇ ਚੋਣ ਦ੍ਰਿਸ਼ ਨੂੰ ਦੇਖਿਆ ਜਾਏ ਤਾਂ ਸ਼ਹਿਰੀ ਹਲਕੇ ’ਚ ਸਿਆਸੀ ਮੈਦਾਨ ਦੇ ਪੁਰਾਣੇ ਖਿਡਾਰੀ ਜਗਰੂਪ ਸਿੰਘ ਗਿੱਲ ਦੇ ਤਿੰਨ ਅਹਿਮ ਰਾਜਨੀਤਕ ਪਹਿਲਵਾਨਾਂ ਨਾਲ ਸਿੰਗ ਫਸਣ ਦੇ ਆਸਾਰ ਹਨ। ਅੱਜ ਆਪਣੇ ਦਫਤਰ ਦੇ ਉਦਘਾਟਨ ਮੌਕੇ ਜਗਰੂਪ ਸਿੰਘ ਗਿੱਲ ਨੇ ਆਖਿਆ ਕਿ ਉਹ ਆਉਣ ਵਾਲੇ ਦਿਨਾਂ ਦੌਰਾਨ ਪੁੱਡਾ ਅਤੇ ਇੰਪਰੂਵਮੈਂਟ ਟਰੱਸਟ ਦੀਆਂ ਕਲੋਨੀਆਂ ਦੀਆਂ ਐਸੋਸੀਏਸ਼ਨਾਂ ਨੂੰ ਮਿਲਕੇ ਇਨਹਾਂਸਮੈਂਟ ਵਰਗੇ ਅਹਿਮ ਮਸਲਿਆਂ ਦੀ ਜਾਣਕਾਰੀ ਲੈਣਗੇ ਤਾਂ ਜੋ ਉਨ੍ਹਾਂ ਦੇ ਹੱਲ ਲਈ ਕੋਈ ਰੋਡਮੈਪ ਤਿਆਰ ਕੀਤਾ ਜਾ ਸਕੇ। ਉਨ੍ਹਾਂ ਆਖਿਆ ਕਿ ਇਸ ਦੇ ਨਾਲ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀਂ ਰੱਖੀ ਜਾਏਗੀ। ਉਨ੍ਹਾਂ ਆਖਿਆ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ਪੂਰੀ ਤਰਾਂ ਭੱਜ ਗਈ ਹੈ ਅਤੇ ਅਕਾਲੀ ਭਾਜਪਾ ਗੱਠਜੋੜ ਦੇ ਕਬਜੇ ਵਾਲੇ ਨਗਰ ਨਿਗਮ ਦੌਰਾਨ ਸ਼ਹਿਰ ਦੀਆਂ ਸਮੱਸਿਆਵਾਂ ਦੀ ਕੋਈ ਸਾਰ ਨਹੀਂ ਲਈ ਹੈ। ਉਨ੍ਹਾਂ ਆਖਿਆ ਕਿ ਸ਼ਹਿਰ ਵਿਚਲਾ ਸੀਵਰੇਜ ਪਾਣੀ ਨਾਲ ਸਬੰਧਤ ਪ੍ਰਜੈਕਟ ਤ੍ਰਿਵੈਣੀ ਨੂੰ ਸੌਂਪਣ ਦਾ ਫੈਸਲਾ ਪੂਰੀ ਤਰਾਂ ਗਲ੍ਹਤ ਸੀ ਜਿਸ ਲਈ ਗੱਠਜੋੜ ਹਕੂਮਤ ਜਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪੰਜਾਬ ਦੀ ਕਾਂਗਰਸ ਸਰਕਾਰ ਵੀ ਬਰਾਬਰ ਦੀ ਕਸੂਰਵਾਰ ਹੈ ਜਿਸ ਨੇ ਸਾਲ 2018 ’ਚ ਤ੍ਰਿਵੈਣੀ ਤੋਂ ਕੰਮ ਵਾਪਿਸ ਲੈਣ ਵਾਲੀ ਚਿੱਠੀ ਲਾਗੂ ਨਹੀਂ ਕੀਤੀ ਜਿਸ ਤੋਂ ਜਾਹਰ ਹੈ ਕਿ ਕੋਈ ਨਾਂ ਕੋਈ ਗੜਬੜ ਲਾਜਮੀ  ਹੈ।ਉਨ੍ਹਾਂ ਆਖਿਆ ਕਿ ਸ਼ਹਿਰੀ ਹਲਕੇ ਨਾਲ ਸਬੰਧਤ ਮਸਲਿਆਂ ਚੋਂ ਪ੍ਰਮੁੱਖ ਮਸਲਾ ਕਚਰਾ ਪਲਾਂਟ, ਲਾਈਨੋਪਾਰ ਸਮੇਤ ਸ਼ਹਿਰ ’ਚ ਪਾਣੀ ਦੀ ਨਿਕਾਸੀ ਦੀ ਸਮੱਸਿਆ, ਸੀਵਰੇਜ਼ ਪ੍ਰਣਾਲੀ ’ਚ ਖਾਮੀਆਂ,ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਅਤੇ ਪੀਣ ਵਾਲੇ ਪਾਣੀ ਵਰਗੇ ਵੱਡੇ ਮਸਲੇ ਪੂਰੀ ਤਰਾਂ ਬਰਕਰਾਰ ਹਨ। ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਨੇ ਖ਼ਜ਼ਾਨਾ ਮੰਤਰੀ ਹੋਣ ਦੇ ਬਾਵਜੂਦ ਬਠਿੰਡਾ ਦੇ ਹਕੀਕੀ ਵਿਕਾਸ ਲਈ ਕੁੱਝ ਨਹੀਂ ਕੀਤਾ, ਉਲਟਾ ਬਠਿੰਡਾ ਥਰਮਲ ਵੀ ਬੰਦ ਕਰਾ ਦਿੱਤਾ ਜਦੋਂਕਿ ਵਾਅਦਾ ਥਰਮਲ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਕੱਢਣ ਦਾ ਕੀਤਾ ਗਿਆ  ਸੀ।

    ਭੁੱਚੋ ਹਲਕੇ ’ਚ ਸੋਮਵਾਰ ਨੂੰ ਉਦਘਾਟਨ
    ਵਿਧਾਨ ਸਭਾ ਹਲਕੇ ਭੁੱਚੋ ਮੰਡੀ ’ਚ ਹਲਕਾ ਇੰਚਾਰਜ਼ ਮਾਸਟਰ ਜਗਸੀਰ ਸਿੰਘ ਵੱਲੋਂ ਸੋਮਵਾਰ 11 ਅਕਤੂਬਰ ਨੂੰ  ਗੋਨਿਆਣਾ ’ਚ ਆਪਣੇ ਚੋਣ ਦਫਤਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।  ਦਫਤਰ ਦਾ ਉਦਘਾਟਨ ਵਿਧਾਇਕ ਸੇਵਾਮੁਕਤ ਪਿ੍ਰੰਸੀਪਲ ਬੁੱਧ ਰਾਮ ਵੱਲੋਂ ਕੀਤਾ ਜਾਣਾ ਹੈ। ਮਾਸਟਰ ਜਗਸੀਰ ਸਿੰਘ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਦੇ ਪ੍ਰੀਤਮ ਸਿੰਘ ਕੋਟਭਾਈ ਤਾਂ ਥੋਹੜੀਆਂ ਜਿਹੀਆਂ ਵੋਟਾਂ ਨਾਲ ਹਾਰ ਗਏ ਸਨ। ਅਕਾਲੀ ਬਸਪਾ ਗੱਠਜੋੜ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੋਇਆ ਹੈ। ਹਲਕੇ ਦੇ ਲੋਕਾਂ ਦੀਆਂ ਨਜ਼ਰਾਂ ਕਾਂਗਰਸ ਵੱਲੋਂ ਪੱਤੇ ਖੋਲ੍ਹੇ ਜਾਣ ਤੇ ਟਿਕੀਆਂ ਹੋਈਆਂ ਹਨ।

    ਸਰਦੂਲਗੜ੍ਹ ’ਚ ਵੀ ਸਰਗਰਮੀਆਂ ਵਧੀਆਂ
    ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦਫਤਰ ਖੋਹਲ ਕੇ ਸਰਗਰਮੀਆਂ ਵਧਾ ਦਿੱਤੀਆਂ ਹਨ। ਅੱਜ ਵੀ ਦਫਤਰ ’ਚ ਪਾਰਟੀ ਮੀਟਿੰਗ ਕਰਕੇ ਵਲੰਟੀਅਰਾਂ ਨੂੰ ਹੁਣੇ ਤੋਂ ਹੀ ਡਟਣ ਦਾ ਸੱਦਾ ਦਿੱਤਾ ਗਿਆ ਹੈ। ਗੁਰਪ੍ਰੀਤ ਬਣਾਵਾਲੀ ਨੇ ਦੱਸਿਆ ਕਿ ਪਾਰਟੀ ਦੇ ਆਦੇਸ਼ਾਂ ਤਹਿਤ ਹੀ ਚੋਣ ਮੁਹਿੰਮ ਵਿੱਢੀ ਗਈ ਹੈ ਅਤੇ ਉਹ ਹਲਕੇ ਦੀਆਂ ਸਮੱਸਿਆਵਾਂ ਨੂੰ ਲੋਕਾਂ ਅੱਗੇ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਦਸ ਸਾਲ ਦੇ ਰਾਜ ਭਾਗ ’ਚ ਹਲਕੇ ਦਾ ਕੁੱਝ ਨਹੀਂ ਸੰਵਾਰਿਆ ਅਤੇ ਕਾਂਗਰਸ ਵੀ ਆਪਣੇ ਰਾਜ ਭਾਗ ’ਚ ਘੱਗਰ ਸਮੇਤ ਵੱਡੀਆਂ ਮੁਸ਼ਕਲਾਂ ਦੂਰ ਕਰਨ ’ਚ ਫੇਲ੍ਹ ਰਹੀ ਹੈ।

    Punj Darya

    Leave a Reply

    Latest Posts

    error: Content is protected !!