ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਵਿੱਚ ਪੋਪ ਫ੍ਰਾਂਸਿਸ ਸਮੂਲੀਅਤ ਨਹੀਂ ਕਰਨਗੇ। ਇਸ ਸਬੰਧੀ ਵੈਟੀਕਨ ਸਿਟੀ ਨੇ ਪੁਸ਼ਟੀ ਕੀਤੀ ਹੈ ਕਿ ਪੋਪ ਫ੍ਰਾਂਸਿਸ ਅਗਲੇ ਮਹੀਨੇ ਕੋਪ 26 ਲਈ ਗਲਾਸਗੋ ਨਹੀਂ ਆਉਣਗੇ। ਵੈਟੀਕਨ ਦੁਆਰਾ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕੀਤੀ ਗਈ ਕਿ ਜਲਵਾਯੂ ਸੰਮੇਲਨ ਵਿੱਚ ਪੋਪ ਦੀ ਬਜਾਏ ਇਸਦੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਰਾਜ ਦੇ ਸਕੱਤਰ ਕਾਰਡੀਨਲ ਪੀਏਟਰੋ ਪੈਰੋਲਿਨ ਕਰਨਗੇ। ਪੋਪ ਫ੍ਰਾਂਸਿਸ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਕਰਦੇ ਹਨ, ਪਰ ਵੈਟੀਕਨ ਪ੍ਰੈਸ ਦਫਤਰ ਦੇ ਡਾਇਰੈਕਟਰ, ਮੈਟੇਓ ਬਰੂਨੀ ਨੇ ਕਿਹਾ ਕਿ ਵਫਦ ਦੀ ਅਗਵਾਈ ਕਾਰਡੀਨਲ ਪੀਏਟਰੋ ਪੈਰੋਲਿਨ ਕਰਨਗੇ। ਪੋਪ ਫ੍ਰਾਂਸਿਸ ਨੂੰ ਹਾਲ ਹੀ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਆਈਆਂ ਸਨ ਜਿਨ੍ਹਾਂ ਕਰਕੇ ਹੀ ਸ਼ਾਇਦ ਉਹਨਾਂ ਯਾਤਰਾ ਨਾ ਕਰਨ ਦਾ ਫੈਸਲਾ ਲਿਆ ਹੋਵੇ। ਜਿਕਰਯੋਗ ਹੈ ਕਿ 84 ਸਾਲਾਂ ਪੋਪ ਫ੍ਰਾਂਸਿਸ ਦੀ ਹਾਲ ਹੀ ਵਿੱਚ ਰੋਮ ‘ਚ ਕੋਲਨ ਸਰਜਰੀ ਹੋਈ ਹੈ। ਕੋਪ 26 ਸ਼ਹਿਰ ਦੇ ਸਕਾਟਿਸ਼ ਇਵੈਂਟ ਕੈਂਪਸ ਵਿੱਚ ਦੋ ਹਫਤਿਆਂ ਲਈ ਚੱਲੇਗਾ ਅਤੇ ਇਸ ਵਿੱਚ ਲਗਭਗ 120 ਵਿਸ਼ਵ ਨੇਤਾਵਾਂ ਦੀ ਸ਼ਮੂਲੀਅਤ ਦੀ ਉਮੀਦ ਹੈ।
