ਮ੍ਰਿਤਕਾਂ ਵਿੱਚ 4 ਸਾਲਾਂ ਬੱਚੀ ਵੀ ਸ਼ਾਮਲ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਅਲਾਬਾਮਾ ਸੂਬੇ ਵਿੱਚ ਬੁੱਧਵਾਰ ਨੂੰ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਹੈ। ਅਲਾਬਾਮਾ ਵਿੱਚ ਹੜ੍ਹ ਦੇ ਪਾਣੀ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਹੋਰ ਬਹੁਤ ਸਾਰੇ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਚਾਓ ਕਰਮਚਾਰੀਆਂ ਵੱਲੋਂ ਬਾਹਰ ਕੱਢਿਆ ਗਿਆ। ਵੀਰਵਾਰ ਨੂੰ, ਮਾਰਸ਼ਲ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹੜ੍ਹ ਦੇ ਨਤੀਜੇ ਵਜੋਂ ਇੱਕ 4 ਸਾਲਾ ਬੱਚੀ ਦੀ ਵੀ ਮੌਤ ਹੋਈ ਹੈ ਅਤੇ ਉਸਦੀ ਲਾਸ਼ ਬੁੱਧਵਾਰ ਦੀ ਰਾਤ ਨੂੰ ਬਰਾਮਦ ਕੀਤੀ ਗਈ ਸੀ। ਇਸਦੇ ਇਲਾਵਾ ਹੂਵਰ ਪੁਲਿਸ ਨੇ ਵੀ ਇੱਕ 23 ਸਾਲਾ ਆਦਮੀ ਅਤੇ ਇੱਕ 23 ਸਾਲਾ ਔਰਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਹੂਵਰ ਫਾਇਰ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਨੇ ਬੁੱਧਵਾਰ ਨੂੰ ਤੇਜ਼ ਮੀਂਹ ਦਾ ਸਾਹਮਣਾ ਕੀਤਾ ਜਿਸ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ।ਇਸਦੇ ਨਾਲ ਬਰਮਿੰਘਮ ਫਾਇਰ ਐਂਡ ਰੈਸਕਿਊ ਬਟਾਲੀਅਨ ਦੁਆਰਾ ਵੀ ਹੜ੍ਹਾਂ ਕਾਰਨ ਆਪਣੀਆਂ ਕਾਰਾਂ ਵਿੱਚ ਫਸੇ 26 ਦੇ ਕਰੀਬ ਲੋਕਾਂ ਨੂੰ ਬਚਾਇਆ ਗਿਆ। ਬਰਮਿੰਘਮ ਨਾਲ ਸਬੰਧਤ ਇੱਕ ਮੌਸਮੀ ਰਿਪੋਰਟ ਅਨੁਸਾਰ ਸ਼ਹਿਰ ਵਿੱਚ ਬੁੱਧਵਾਰ ਰਾਤ ਨੂੰ ਚਾਰ ਤੋਂ ਦਸ ਇੰਚ ਬਾਰਿਸ਼ ਹੋਈ। ਹੜ੍ਹਾਂ ਦੇ ਸਬੰਧ ਵਿੱਚ ਗਵਰਨਰ ਕੇ ਆਈਵੇ ਨੇ ਮਰਨ ਵਾਲੀ ਬੱਚੀ ਅਤੇ ਹੋਰ ਲੋਕਾਂ ਦੇ ਪਰਿਵਾਰ ਲਈ ਦੁੱਖ ਪ੍ਰਗਟ ਕੀਤਾ ਹੈ।
