ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਰਕਾਰ ਦੁਆਰਾ ਕੋਵਿਡ ਪਾਸਪੋਰਟ ਸਕੀਮ ਤਹਿਤ ਲਾਂਚ ਕੀਤੀ ਐੱਨ ਐੱਚ ਐੱਚ ਐਪ ਵਿੱਚ ਸਾਹਮਣੇ ਆਈਆਂ ਤਕਨੀਕੀ ਸਮੱਸਿਆਵਾਂ ਕਾਰਨ ਲੋਕਾਂ ਤੋਂ ਮੁਆਫੀ ਮੰਗੀ ਹੈ। ਇਸ ਐਪ ਨੂੰ ਪਿਛਲੇ ਹਫਤੇ ਵੀਰਵਾਰ ਨੂੰ ਡਾਉਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਸੀ, ਪਰ ਜਿਆਦਾਤਰ ਉਪਭੋਗਤਾਵਾਂ ਨੇ ਇਸ ਐਪ ਨੂੰ ਵਰਤਦਿਆਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕੀਤਾ। ਮੰਗਲਵਾਰ ਨੂੰ ਸਕਾਟਿਸ਼ ਸੰਸਦ ਵਿੱਚ ਬੋਲਦਿਆਂ ਸਟਰਜਨ ਨੇ ਕਿਹਾ ਕਿ ਐਪ ਦੀ ਸਮੱਸਿਆ ਵੀਰਵਾਰ ਸ਼ਾਮ ਅਤੇ ਸ਼ੁੱਕਰਵਾਰ ਨੂੰ ਜਿਆਦਾ ਗੰਭੀਰ ਸੀ। ਉਹਨਾਂ ਦੱਸਿਆ ਕਿ ਜਿਆਦਾਤਰ ਲੋਕ ਉਹਨਾਂ ਵੱਲੋਂ ਐਪ ਵਿੱਚ ਦਰਜ ਕੀਤੀ ਗਈ ਜਾਣਕਾਰੀ ਦੇ ਆਧਾਰ ‘ਤੇ ਆਪਣੀ ਵੈਕਸੀਨ ਦਾ ਰਿਕਾਰਡ ਲੱਭਣ ਤੋਂ ਅਸਮਰੱਥ ਸਨ। ਇਸ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਜੋ ਜਲਦੀ ਤੋਂ ਜਲਦੀ ਐਪ ਨੂੰ ਡਾਉਨਲੋਡ ਕਰਨਾ ਚਾਹੁੰਦੇ ਸਨ। ਸਟਰਜਨ ਨੇ ਕਿਹਾ ਕਿ ਸਮੱਸਿਆ ਦੇ ਹੱਲ ਲਈ ਸੁਧਾਰ ਸ਼ੁੱਕਰਵਾਰ ਨੂੰ ਕੀਤੇ ਗਏ ਸਨ। ਉਹਨਾਂ ਦੱਸਿਆ ਕਿ ਸਮੱਸਿਆ ਖੁਦ ਐਪ ਨਾਲ ਨਹੀਂ ਸੀ, ਬਲਕਿ ਐੱਨ ਐੱਚ ਐੱਸ ਸਿਸਟਮ ਨਾਲ ਸੀ ਜਿਸ ਨਾਲ ਇਹ ਜੁੜੀ ਹੈ। ਸਿਸਟਮ ਵੱਲੋਂ ਐਪ ਨੂੰ ਜਲਦੀ ਨਾਲ ਵੈਕਸੀਨ ਰਿਕਾਰਡ ਦੀ ਜਾਣਕਾਰੀ ਨਹੀਂ ਭੇਜੀ ਜਾ ਰਹੀ ਸੀ। ਇਸਦੇ ਇਲਾਵਾ ਸਟਰਜਨ ਨੇ ਕਿਹਾ ਕਿ ਸਰਕਾਰ ਵੱਲੋਂ ਐਪ ਦੀ ਕਾਰਗੁਜ਼ਾਰੀ ਲਗਾਤਾਰ ਦੇਖੀ ਜਾਵੇਗੀ।
