ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਅਰੀਜ਼ੋਨਾ ਵਿੱਚ ਐਮਟਰੈਕ ਟ੍ਰੇਨ ਵਿੱਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿੱਚ 1 ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਏਜੰਟ
ਦੀ ਮੌਤ ਹੋਣ ਦੇ ਨਾਲ 2 ਅਧਿਕਾਰੀ ਜ਼ਖਮੀ ਹੋਏ ਹਨ।ਪੁਲਿਸ ਅਨੁਸਾਰ ਅਰੀਜ਼ੋਨਾ ਦੇ ਟਕਸਨ ਵਿੱਚ ਹੋਈ ਇਸ ਗੋਲੀਬਾਰੀ ਵਿੱਚ ਇੱਕ ਬੰਦੂਕਧਾਰੀ ਹਮਲਾਵਰ ਦੀ ਮੌਤ ਵੀ ਹੋਈ ਹੈ। ਇਸ ਗੋਲੀਬਾਰੀ ਬਾਰੇ ਜਾਣਕਾਰੀ ਦਿੰਦਿਆਂ ਟਕਸਨ ਪੁਲਿਸ ਨੇ ਦੱਸਿਆ ਕਿ ਗੈਰਕਾਨੂੰਨੀ ਬੰਦੂਕਾਂ, ਪੈਸੇ ਅਤੇ ਨਸ਼ੀਲੇ ਪਦਾਰਥਾਂ ਦੀ ਨਿਯਮਤ ਜਾਂਚ ਕਰਨ ਲਈ ਸੋਮਵਾਰ ਸਵੇਰੇ ਡੀ ਈ ਏ ਅਧਿਕਾਰੀ ਇਸ ਰੇਲਗੱਡੀ ਵਿੱਚ ਸਵਾਰ ਹੋਏ ਅਤੇ ਡਬਲ-ਡੇਕਰ ਐਮਟਰੈਕ
ਟ੍ਰੇਨ ਦੇ ਦੂਜੇ ਲੈਵਰ ‘ਤੇ ਦੋ ਲੋਕਾਂ ਦਾ ਸਾਹਮਣਾ ਕੀਤਾ। ਗੱਲਬਾਤ ਦੌਰਾਨ ਇਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਪਰ ਦੂਜੇ ਵਿਅਕਤੀ ਨੇ ਇੱਕ ਪਿਸਤੌਲ ਨਾਲ ਗੋਲੀਬਾਰੀ ਕੀਤੀ।ਇਸ ਗੋਲੀਬਾਰੀ ਵਿੱਚ ਇੱਕ ਡੀ ਈ ਏ ਏਜੰਟ ਮਾਰਿਆ ਗਿਆ ਅਤੇ ਇੱਕ ਹੋਰ ਡੀ ਈ ਏ ਏਜੰਟ ਗੰਭੀਰ ਹਾਲਤ ਜਖਮੀ ਹੈ। ਇਸੇ ਦੌਰਾਨ ਇੱਕ ਟਕਸਨ ਪੁਲਿਸ ਅਧਿਕਾਰੀ, ਜੋ ਪਲੇਟਫਾਰਮ ‘ਤੇ ਸੀ, ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਟ੍ਰੇਨ ਵੱਲ ਭੱਜਿਆ। ਇਹ ਅਧਿਕਾਰੀ ਵੀ ਗੋਲੀਬਾਰੀ ਵਿੱਚ ਜਖਮੀ ਹੋ ਗਿਆ। ਇਸ ਉਪਰੰਤ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਕੀਤੀ ਗਈ , ਪੁਲਿਸ ਅਨੁਸਾਰ ਬੰਦੂਕਧਾਰੀ ਨੇ ਆਪਣੇ ਆਪ ਨੂੰ ਹੇਠਲੇ ਪੱਧਰ ਦੇ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਇਹ ਪਤਾ ਲੱਗਿਆ ਕਿ ਸ਼ੱਕੀ ਬੰਦੂਕਧਾਰੀ ਦੀ ਮੌਤ ਹੋ ਗਈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਸਦੀ ਮੌਤ ਕਿਵੇਂ ਹੋਈ। ਐਮਟਰੈਕ ਨੇ ਦੱਸਿਆ ਕਿ ਸਨਸੈਟ ਲਿਮਟਿਡ ਟ੍ਰੇਨ 2 ਵਿੱਚ 137 ਯਾਤਰੀ ਅਤੇ ਚਾਲਕ ਦਲ ਦੇ 11 ਮੈਂਬਰਾਂ ਦੇ ਮੌਜੂਦ ਸਨ ਜੋ ਕਿ ਸਹੀ ਸਲਾਮਤ ਸਨ । ਇਹ ਰੇਲ ਗੱਡੀ ਲਾਸ ਏਂਜਲਸ ਤੋਂ ਨਿਊ ਓਰਲੀਨਜ਼ ਵੱਲ ਜਾ ਰਹੀ ਸੀ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 7:40 ਵਜੇ ਟਕਸਨ ਪਹੁੰਚੀ। ਇਸ ਗੋਲੀਬਾਰੀ ਦੀ ਵਿਭਾਗ ਵੱਲੋਂ ਪੁਲਿਸ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।
