ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਭਰ ਦੇ ਸਕੂਲ ਅਧਿਕਾਰੀ, ਸਪਲਾਈ ਚੇਨ ਦੇ ਮੁੱਦਿਆਂ ਅਤੇ ਲੇਬਰ ਦੀ ਕਮੀ ਕਾਰਨ, ਸਕੂਲੀ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਲਈ ਭੋਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਸ ਸਬੰਧੀ ਸਕੂਲ ਨਿਊਟ੍ਰੀਸ਼ਨ ਐਸੋਸੀਏਸ਼ਨ ਦੇ ਸਰਵੇਖਣ ਅਨੁਸਾਰ, ਲਗਭਗ 97% ਸਕੂਲੀ ਪੋਸ਼ਣ ਪ੍ਰੋਗਰਾਮ ਲਗਾਤਾਰ ਸਪਲਾਈ ਚੇਨ ਮੁੱਦਿਆਂ ਬਾਰੇ ਆਪਣੀ ਚਿੰਤਾ ਪ੍ਰਗਟ ਕਰ ਰਹੇ ਹਨ। ਸਪਲਾਈ ਘਾਟ ਦੇ ਚਲਦਿਆਂ ਸਕੂਲਾਂ ਵਿਚਲੇ ਖਾਣੇ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਖੁਦ ਸਟੋਰਾਂ ਵਿੱਚ ਜਾ ਕੇ ਭੋਜਨ ਸਮੱਗਰੀ ਨੂੰ ਖਰੀਦਣਾ ਪੈ ਰਿਹਾ ਹੈ। ਰਿਪੋਰਟ ਅਨੁਸਾਰ ਅਲਾਬਾਮਾ ਦੀ ਐਲਮੋਰ ਕਾਉਂਟੀ ਵਿੱਚ ਸਕੂਲਾਂ ਲਈ ਖਾਣੇ ਦਾ ਪ੍ਰਬੰਧ ਕਰਨ ਵਾਲਾ ਅਧਿਕਾਰੀ ਜੋ ਲਗਭਗ 8,000 ਬੱਚਿਆਂ ਲਈ ਹਫਤੇ ਵਿੱਚ ਪੰਜ ਦਿਨ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਦਾ ਹੈ। ਸਕੂਲਾਂ ਦੇ ਆਮ ਭੋਜਨ ਦੀ ਸਪੁਰਦਗੀ ਵਿੱਚ ਦੇਰੀ ਦੇ ਨਾਲ, ਖੁਦ ਸਮਾਨ ਲੈਣ ਸਟੋਰ ਪਹੁੰਚਿਆ। ਅਲਾਬਮਾ ਦੇ ਇਸ ਡਿਸਟ੍ਰਿਕਟ ਨੇ ਇਸ ਸਥਿਤੀ ਵਿੱਚ ਇੱਕ ਅਸਥਾਈ ਗੋਦਾਮ ਸਥਾਪਤ ਕੀਤਾ ਹੈ, ਜਿੱਥੇ ਕਿ ਸਕੂਲੀ ਭੋਜਨ ਸਮੱਗਰੀ ਨੂੰ ਸਟੋਰ ਕੀਤਾ ਜਾ ਸਕੇ। ਇਸਦੇ ਇਲਾਵਾ ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਘੋਸ਼ਣਾ ਕੀਤੀ ਹੈ ਕਿ ਉਹ ਖਾਣੇ ਦੀ ਸੇਵਾ ਲਈ ਸੰਘਰਸ਼ ਕਰ ਰਹੇ ਸਕੂਲਾਂ ਦੀ ਸਹਾਇਤਾ ਲਈ 1.5 ਬਿਲੀਅਨ ਡਾਲਰ ਦੇ ਰਿਹਾ ਹੈ।
