ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਸਾਰਾਹ ਐਵਰਾਰਡ ਨਾਮ ਦੀ ਮਹਿਲਾ ਦਾ ਕਤਲ ਕੀਤੇ ਜਾਣ ਦੇ ਬਾਅਦ ਸਕਾਟਲੈਂਡ ਪੁਲਿਸ ਵੱਲੋਂ ਨਾਗਰਿਕਾਂ ਨਾਲ ਰਾਬਤਾ ਕਰਨ ਵਾਲੇ ਇਕੱਲੇ ਅਧਿਕਾਰੀ ਦੀ ਪਛਾਣ ਪੁੱਛਣ ਦਾ ਅਧਿਕਾਰ ਨਾਗਰਿਕਾਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਕਾਟਲੈਂਡ ਪੁਲਿਸ ਨੇ ਇਕੱਲੇ ਅਧਿਕਾਰੀ ਲਈ “ਵੈਰੀਫਿਕੇਸ਼ਨ ਚੈਕਸ” ਪੇਸ਼ ਕੀਤੇ ਹਨ। ਜਿਸ ਤਹਿਤ ਜਿਹੜੇ ਅਧਿਕਾਰੀ ਆਪਣੇ ਆਪ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਾ ਨੂੰ , ਉਹਨਾਂ ਦੀ ਆਈ ਡੀ ਜਾਂਚ ਦੀ ਮੰਗ ਕਰਨ ਦਾ ਵਿਕਲਪ ਪੇਸ਼ ਕਰਨ। ਇਸ ਜਾਂਚ ਵਿੱਚ ਪੁਲਿਸ ਅਫਸਰ ਦਾ ਰੇਡੀਓ ਲਾਊਡਸਪੀਕਰ ‘ਤੇ ਲਗਾਇਆ ਜਾਵੇਗਾ ਅਤੇ ਕੰਟਰੋਲ ਰੂਮ ਦੇ ਸਟਾਫ ਦਾ ਇੱਕ ਮੈਂਬਰ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਉਹ ਅਧਿਕਾਰੀ ਕੌਣ ਹੈ। ਮੁੱਖ ਦਫਤਰ ਦਾ ਸਟਾਫ ਇਹ ਵੀ ਪੁਸ਼ਟੀ ਕਰੇਗਾ ਕਿ ਅਧਿਕਾਰੀ ਡਿਊਟੀ ‘ਤੇ ਹੈ ਅਤੇ ਅਧਿਕਾਰੀ ਦੁਆਰਾ ਕਿਸੇ ਨਾਗਰਿਕ ਨਾਲ ਗੱਲ ਕਰਨ ਦੇ ਕਾਰਨ ਦੀ ਵੀ ਵਿਆਖਿਆ ਕਰੇਗਾ। ਵਿਭਾਗ ਅਨੁਸਾਰ ਡਿਊਟੀ ‘ਤੇ ਮੌਜੂਦ ਅਧਿਕਾਰੀਆਂ ਨੂੰ ਨਾ ਸਿਰਫ ਆਈ ਡੀ ਚੈੱਕ ਪੇਸ਼ ਕਰਨ ਲਈ ਕਿਹਾ ਜਾਵੇਗਾ, ਬਲਕਿ ਜਨਤਾ ਦਾ ਇੱਕ ਮੈਂਬਰ ਵੈਰੀਫਿਕੇਸ਼ਨ ਦੀ ਬੇਨਤੀ ਵੀ ਕਰ ਸਕਦਾ ਹੈ। ਇਸ ਤਹਿਤ ਜਦੋਂ ਪਬਲਿਕ ਦਾ ਮੈਂਬਰ ਅਧਿਕਾਰੀ ਦੀ ਪਛਾਣ ਦੀ ਜਾਂਚ ਕਰਨ ਲਈ ਕੰਟਰੋਲ ਰੂਮ ਦੇ ਕਿਸੇ ਮੈਂਬਰ ਨਾਲ ਗੱਲ ਕਰਦਾ ਹੈ, ਤਾਂ ਕੰਟਰੋਲ ਰੂਮ ਫਿਰ ਇੱਕ ਨੰਬਰ ਬਣਾਏਗਾ ਜੋ ਗੱਲਬਾਤ ਦੇ ਵੇਰਵੇ ਦੀ ਪੁਸ਼ਟੀ ਕਰਨ ਲਈ ਅਧਿਕਾਰੀ ਦੇ ਮੋਬਾਈਲ ਫੋਨ ਜਾਂ ਰੇਡੀਓ ‘ਤੇ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸਕਾਟਲੈਂਡ ਪੁਲਿਸ ਅਨੁਸਾਰ ਵਿਭਾਗ ਦੇ ਇਸ ਕਦਮ ਨਾਲ ਲੋਕਾਂ ਦਾ ਪੁਲਿਸ ਵਿੱਚ ਵਧੇਰੇ ਵਿਸ਼ਵਾਸ ਪੈਦਾ ਹੋਵੇਗਾ।
