ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਸੰਸਥਾ “ਦ ਸਕਾਟਿਸ਼ ਐਥਨਿਕ ਮਾਈਨੋਰਿਟੀ ਸਪੋਰਟਸ ਐਸੋਸੀਏਸ਼ਨ” (ਸੈਮਸਾ) ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਭਾਰੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ੋਰੋ ਜ਼ੋਰ ਪੈਂਦੇ ਮੀਂਹ ਵਿੱਚ 5 ਤੋਂ 15 ਸਾਲ ਤੱਕ ਦੇ ਬੱਚਿਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਇੱਕ ਪਾਸੇ ਮੀਂਹ ਕਾਰਨ ਮਾਹੌਲ ਵਿਚ ਠੰਢਾਪਣ ਸੀ ਪਰ ਬੱਚਿਆਂ ਵੱਲੋਂ ਖੇਡਾਂ ਵਿੱਚ ਕੀਤੀ ਮੁਕਾਬਲੇਬਾਜ਼ੀ ਨੇ ਮਾਹੌਲ ਨੂੰ ਗਰਮਾਹਟ ਵਿੱਚ ਬਦਲ ਦਿੱਤਾ। ਪ੍ਰਧਾਨ ਦਿਲਾਵਰ ਸਿੰਘ ਦੀ ਅਗਵਾਈ ਵਿੱਚ ਹੋਈਆਂ ਖੇਡਾਂ ਦੌਰਾਨ ਸੈਮਸਾ ਦੇ ਪ੍ਰਬੰਧਕੀ ਆਗੂਆਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਸਨ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦਿਲਾਵਰ ਸਿੰਘ ਤੇ ਡਾਕਟਰ ਮਰਿਦੁਲਾ ਚੱਕਰਬਰਤੀ ਨੇ ਕਿਹਾ ਕਿ ਕੋਵਿਡ ਨੇ ਜ਼ਿੰਦਗੀ ਵਿੱਚ ਵੱਡੀ ਉਥਲ-ਪੁਥਲ ਪੈਦਾ ਕਰ ਦਿੱਤੀ ਸੀ । ਪਰ ਜਿਉਂ- ਜਿਉਂ ਹਾਲਾਤ ਸੁਖਾਵੇਂ ਹੋ ਰਹੇ ਹਨ, ਸੈਮਸਾ ਵੱਲੋਂ ਵੀ ਆਪਣੀਆਂ ਸਰਗਰਮੀਆਂ ਸਹਿਜੇ- ਸਹਿਜੇ ਤੇਜ਼ ਕੀਤੀਆਂ ਜਾ ਰਹੀਆਂ ਹਨ।