8.9 C
United Kingdom
Saturday, April 19, 2025

More

    ਝੋਨੇ ਦੀ ਖਰੀਦ ਮਾਮਲਾ: ਕਿਸਾਨਾਂ ਨੇ ਸਰਕਾਰਾਂ ਨਾਲ ਸਿੰਗ ਫਸਾਏ

    ਬਠਿੰਡਾ (ਅਸ਼ੋਕ ਵਰਮਾ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਝੋਨੇ ਦੀ ਖਰੀਦ 10 ਦਿਨ ਪਿੱਛੇ ਪਾਉਣ ਅਤੇ ਇਸ ਮਾਮਲੇ ’ਚ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਪੂਰੀ ਤਰਾਂ ਨਾਕਾਰਾਤਮਕ ਕਰਾਰ ਦਿੰਦਿਆਂ ਅੱਜ ਕਿਸਾਨਾਂ ਨੇ ਬਠਿੰਡਾ ’ਚ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰਾਂ ਖਰੀਦ ਸ਼ੁਰੂ ਨਹੀਂ ਕਰਦੀਆਂ ਉਹ  ਧਰਨਾ ਜਾਰੀ ਰੱਖਣਗੇ। ਝੋਨੇ ਦੀ ਸਰਕਾਰੀ ਖਰੀਦ ਘੱਟੋ ਘੱਟ ਮਿੱਥੇ ਸਹਾਇਕ  ਮੁੱਲ ਤੇ ਤੁਰੰਤ ਸ਼ੁਰੂ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ  ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਅੱਜ  ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਅੱਗੇ ਧਰਨਾ ਸ਼ੁਰੂ ਕੀਤਾ ਹੈ । ਹਾਲਾਂਕਿ ਇਸ ਕਿਸਾਨ ਜੱਥੇਬੰਦੀ ਨੇ ਸ਼ੁੱਕਰਵਾਰ ਨੂੰ ਇਸੇ ਸਥਾਨ ਤੇ ਧਰਨਾ ਲਾਉਣ ਉਪਰੰਤ 5 ਅਕਤੂਬਰ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ ਪਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਕਿਸਾਨ ਸੜਕਾਂ ਤੇ ਮੁੜ ਡਟ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਇੱਕ ਅਕਤੂਬਰ ਨੂੰ ਸ਼ੁਰੂ ਕਰਕੇ ਦੀ ਬਜਾਏ ਗਿਆਰਾਂ ਅਕਤੂਬਰ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜੋ ਉਨ੍ਹਾਂ ਨੂੰ ਪ੍ਰਵਾਨ ਨਹੀਂ ਹੈ  । ਧਰਨੇ ਦੌਰਾਨ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ  ਮਨਿਸਟਰੀ ਆਫ਼ ਕੰਜ਼ਿਊਮਰ ਅਫੇਅਰਜ਼, ਫੂਡ ਅਤੇ ਪਬਲਿਕ ਡਿਸਟਰਿਬਿਊਸ਼ਨ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਿਸ ’ਚ 11 ਅਕਤੂਬਰ ਤੱਕ ਵਧਾਈ ਤਾਰੀਖ ਤੁਰੰਤ ਵਾਪਿਸ ਲੈਕੇ, ਬਿਨਾਂ ਕਿਸੇ ਦੇਰੀ ਤੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਦੀਆਂ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਨ, ਲਗਾਤਾਰ ਪੈ ਰਹੀਆਂ ਬਾਰਸ਼ਾਂ, ਮੌਸਮ ਦੀ ਖਰਾਬੀ ਅਤੇ ਤਾਪਮਾਨ ਘੱਟ ਰਹਿਣ ਕਰਕੇ ਨਮੀ ਦੀ ਮਾਤਰਾ ਤੇ ਬਦਰੰਗ ਦਾਣੇ ਦੀ ਪ੍ਰਤੀਸ਼ਤਤਾ ਵਧਾਉਣ ,ਝੋਨੇ ਦੀ ਖਰੀਦ ਲਈ 25 ਕੁਇੰਟਲ ਪ੍ਰਤੀ ਏਕੜ ਦੀ ਲਾਈ ਸ਼ਰਤ ਵਾਪਸ ਲੈਣ ਅਤੇ ਖੇਤ ਵਿੱਚ ਪੈਦਾ ਕੀਤੀ ਝੋਨੇ ਦੀ ਫ਼ਸਲ ਦੀ 100 ਫੀਸਦੀ ਖਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ ਹੈ।
    ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਕੇਂਦਰ ਸਰਕਾਰ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਲਈ ਬਹਾਨੇ ਤੇ ਸ਼ਰਤਾਂ ਮੜ੍ਹ ਰਹੀ ਹੈ   ਅਤੇ ਹੁਣ ਬਿਨਾਂ ਕਿਸੇ ਏਜੰਸੀ ਦੇ ਮੰਡੀ ਵਿੱਚ ਗਏ  ਨਮੀ ਦੀ ਮਾਤਰਾ ਬਹਾਨੇ ਝੋਨਾ ਖਰੀਦਣ ਲਈ 10  ਦਿਨ ਦੇਰੀ ਕਰਨ ਦਾ ਹੁਕਮ ਦੇ ਦਿੱਤਾ ਹੈ  । ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਨਾਲ ਪ੍ਰਾਈਵੇਟ ਵਪਾਰੀਆਂ ਨੂੰ ਕਿਸਾਨਾਂ ਦੀ ਫਸਲ ਦੀ  ਲੁੱਟ ਕਰਨ ਦੀ  ਖੁੱਲ੍ਹ ਦੇਣਾ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਵਧਾਏ ਜਾ ਰਹੇ ਕਦਮਾਂ ਦਾ ਹੀ ਕੜੀ ਜੋੜ ਹੈ । ਉਨ੍ਹਾਂ ਆਖਿਆ ਕਿ  ਮੰਡੀਆਂ ਵਿਚ ਆ ਰਹੀ ਫਸਲ ਗਿਆਰਾਂ ਅਕਤੂਬਰ ਤੱਕ ਮੌਸਮ ਦੀ ਤਬਦੀਲੀ  ਨਾਲ ਖ਼ਰਾਬ ਹੋਣ ਦੇ ਡਰੋਂ ਮਜਬੂਰੀ ਵੱਸ ਕਿਸਾਨਾਂ ਨੂੰ ਆਪਣੀ ਫਸਲ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ

    ਉਨ੍ਹਾਂ ਆਖਿਆ ਕਿ ਪ੍ਰਾਈਵੇਟ ਵਪਾਰੀਆ ਸਰਕਾਰ ਵੱਲੋਂ ਮਿੱਥੇ ਘੱਟੋ ਘੱਟ ਸਰਕਾਰੀ ਮੁੱਲ ਤੋਂ ਸੌ ਰੁਪਏ ਤੋਂ ਲੈ ਕੇ ਤਿੰਨ ਸੌ ਰੁਪਏ ਤਕ ਘੱਟ ਭਾਅ ਤੇ ਖਰੀਦ ਕੇ ਕਿਸਾਨਾਂ ਦੀ ਲੁੱਟ ਕਰ ਰਹੇ  ਹਨ। ਉਨ੍ਹਾਂ ਆਖਿਆ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਆਰਥਿਕ ਤੌਰ ਤੇ ਬਰਬਾਦ ਹੋ ਚੁੱਕਿਆ ਹੈ ਇਸ ਲਈ ਜੇਕਰ ਵਕਤ ਸਿਰ ਝੋਨਾ ਖਰੀਦਣਾ ਸ਼ੁਰੂ ਨਾਂ ਕੀਤਾ ਤਾਂ ਇਸ ਨਾਲ ਖੇਤੀ ਆਰਥਿਕਤਾ ਨੂੰ ਵੱਡੀ ਸੱਟ ਵੱਜੇਗੀ ਜੋ ਖੁਦਕਸ਼ੀਆਂ ਦਾ ਵਰਤਾਰਾ ਤੇਜ਼ ਕਰ ਸਕਦੀ ਹੈ। ਅੱਜ ਦੇ ਧਰਨੇ ਨੂੰ ਦਰਸ਼ਨ ਸਿੰਘ ਮਾਈਸਰਖਾਨਾ ,ਸੁਖਦੇਵ ਸਿੰਘ ਰਾਮਪੁਰਾ, ਬਲਜੀਤ ਸਿੰਘ ਪੂਹਲਾ, ਜਸਪਾਲ ਸਿੰਘ ਕੋਠਾਗੁਰੂ ,ਗੁਰਪਾਲ ਸਿੰਘ ਦਿਉਣ ਅਤੇ ਗੁਰਮੇਲ ਸਿੰਘ ਰਾਮਗੜ੍ਹ ਭੂੰਦੜ ਆਦਿ     ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਤੁਰੰਤ ਖਰੀਦ ਸ਼ੁਰੂ ਕਰਨ ਦੀ ਮੰਗ ਕੀਤੀ। ਅੱਜ ਦੇ ਧਰਨੇ ਦੌਰਾਨ ਕਿਸਾਨੀ ਦਰਦਾਂ  ਅਤੇ ਸਮੱਸਿਆਵਾਂ ਨਾਲ ਸਬੰਧਤ ਗੀਤ ਵੀ ਪੇਸ਼ ਕੀਤੇ ਗਏ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!