9.6 C
United Kingdom
Monday, May 20, 2024

More

    ਆਉਣ ਵਾਲੇ ਸਮੇਂ ਵਿੱਚ ਸਿੱਖਿਆ ਲਈ ਨਵੀਆਂ ਚੁਣੌਤੀਆਂ ਅਤੇ ਹੱਲ

    ਕੋਰੋਨਾ ਕਾਲ ਨੇ ਜਿੱਥੇ ਹਰ ਖੇਤਰ ਨੂੰ ਨਵੀਆਂ ਚੁਣੌਤੀਆਂ ਦਿੱਤੀਆਂ ਹਨ, ਉੱਥੇ ਅਧਿਆਪਨ ਕਾਰਜ ਨੂੰ ਵੀ ਔਖਾ ਤੇ ਬੋਝਲ ਬਣਾਇਆ ਹੈ। ਵਿਦਿਆਰਥੀਆਂ ਨੂੰ ਕਾਮਯਾਬ ਆਨਲਾਈਨ ਸਿੱਖਿਆ ਦੇਣ ਲਈ ਬਹੁਤ ਸਾਰੇ ਕਾਰਕਾਂ ਦੀ ਲੋੜ ਹੁੰਦੀ ਹੈ। ਇੰਟਰਨੈੱਟ ਆਧਾਰਤ ਪੜ੍ਹਾਈ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਅੰਦਰ ਅਜੀਬ ਕਿਸਮ ਦੀ ਕਾਹਲ ਪੈਦਾ ਕੀਤੀ ਹੈ। ਪੜ੍ਹਾਈ ਦੇ ਨਾਲੋ-ਨਾਲ ਫਟਾਫਟ ਆਨਲਾਈਨ ਟੈਸਟ ਲਏ ਜਾ ਰਹੇ ਹਨ, ਜਿਸ ਬਾਰੇ ਕੋਈ ਭਰੋਸਾ ਨਹੀਂ ਕਿ ਇਹ ਟੈਸਟ ਕੌਣ ਹੱਲ ਕਰ ਰਿਹਾ ਹੈ। ਅਧਿਆਪਕ ਬੱਚਿਆਂ ਨੂੰ ਸਿਖਾਉਣ ਲਈ ਤੱਤਪਰ ਹਨ ਪਰ ਬੱਚੇ ਅਧਿਆਪਕ ਤੋਂ ਦੂਰੀ ਦਾ ਫ਼ਾਇਦਾ ਉਠਾਉਂਦੇ ਹਨ ਭਾਵ ਘਰ ਦਾ ਕੰਮ ਸਹੀ ਸਮੇਂ ’ਤੇ ਨਹੀਂ ਭੇਜਦੇ ਜਾਂ ਆਨਲਾਈਨ ਕਲਾਸਾਂ ਅਟੈਂਡ ਹੀ ਨਹੀਂ ਕਰਦੇ ਅਤੇ ਨਾ ਹੀ ਜੋ ਪੜ੍ਹਾਇਆ ਜਾਂਦਾ ਹੈ ਉਸ ਦੀ ਠੀਕ ਫੀਡਬੈਕ ਦਿੰਦੇ ਹਨ। ਹੁਣ ਜਦੋਂ ਬੱਚੇ ਡੇਢ ਸਾਲ ਤੋਂ ਬਾਅਦ ਸਕੂਲ ਪਰਤੇ ਹਨ ਤਾਂ ਉਨ੍ਹਾਂ ਦੇ ਸੁਭਾਅ ਵਿੱਚ ਅਜੀਬ ਤਰ੍ਹਾਂ ਦੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਵਿਦਿਆਰਥੀ ਸਕੂਲ ਦੀ ਅਨੁਸ਼ਾਸਨਮਈ ਧਾਰਾ ਤੋਂ ਬਿਲਕੁਲ ਪਾਸੇ ਹਟ ਚੁੱਕੇ ਹਨ, ਬੱਚਿਆਂ ਦੀ ਪ੍ਰਕਿਰਤੀ ਨੂੰ ਧਾਰਾਬੱਧ ਕਰਨ ਲਈ ਵੱਡੇ ਯਤਨਾਂ ਦੀ ਲੋੜ ਹੈ। ਅਧੂਰੀ ਅਤੇ ਸਹੂਲਤਾਂ ਵਿਹੂਣੀ ਲੰਗੜੀ ਆਨਲਾਈਨ ਸਿੱਖਿਆ ਨੇ ਵਿਦਿਆਰਥੀਆਂ ਅੰਦਰ ਵੱਡੇ ਲਰਨਿੰਗ ਗੈਪ ਪੈਦਾ ਕਰ ਦਿੱਤੇ ਹਨ ਜਿਨ੍ਹਾਂ ਦੀ ਭਰਪਾਈ ਕਰਨ ਲਈ ਇੱਕ ਪ੍ਰਭਾਵਸ਼ਾਲੀ ਵਿਸ਼ੇਸ਼ ਕਾਰਜ ਯੋਜਨਾ ਦੀ ਲੋੜ ਹੈ । ਬੱਚਿਆਂ ਨੂੰ ਸਹਿਜ ਨਾਲ ਪੜ੍ਹਾਉਣ ਤੇ ਸਿਖਾਉਣ ਦੀ ਲੋੜ ਹੈ, ਕੇਵਲ ਲਗਾਤਾਰ ਆਨਲਾਈਨ ਗੂਗਲ ਕੁਇਜ਼ ਲੈਣ ਨਾਲ ਸਿੱਖਿਆ ਦਾ ਮਨੋਰਥ ਪੂਰਾ ਨਹੀਂ ਹੋਣਾ। ਦੁਬਾਰਾ ਸਕੂਲ ਖੁੱਲ੍ਹਣ ’ਤੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਅਧਿਆਪਕਾਂ ਨੂੰ ਬੱਚਿਆਂ ਨਾਲ ਆਦਾਨ-ਪ੍ਰਦਾਨ ਕਰਨ ਚ ਦਿੱਕਤ ਆ ਰਹੀ ਹੈ ਕਿਉਂਕਿ ਬੱਚੇ ਸਕੂਲ ਦੀ ਸ਼ਬਦਾਵਲੀ ਭੁੱਲ ਚੁੱਕੇ ਹਨ। ਕੋਰੋਨਾ ਕਾਲ ਵਿੱਚ ਆਨਲਾਈਨ ਸਿੱਖਿਆ ਨੂੰ ਕਮਜ਼ੋਰ ਇੰਟਰਨੈੱਟ ਨੈੱਟਵਰਕ, ਬੱਚਿਆਂ ਕੋਲ ਗੈਜੇਟ ਨਾ ਹੋਣੇ, ਮਾਪਿਆਂ ਦੀ ਕਮਜ਼ੋਰ ਆਰਥਿਕ ਹਾਲਤ ਆਦਿ ਮੁੱਦਿਆਂ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

    ਆਨਲਾਈਨ ਸਿੱਖਿਆ ਵਿੱਚ ਜਮਾਤ ਦਾ ਕਮਰਾ ਲਚਕੀਲਾ ਹੁੰਦਾ ਹੈ, ਬੱਚੇ ਜਿਸ ਵੀ ਸਥਿਤੀ ਵਿੱਚ ਹੋਣ ਸਿੱਖ ਸਕਦੇ ਹਨ ਪਰ ਸਕੂਲ ਆਉਣ ਲਈ ਵਿਸ਼ੇਸ਼ ਕਿਸਮ ਦੇ ਤਰੱਦਦ ਦੇ ਯਤਨਾਂ ਦੀ ਲੋੜ ਹੈ ਜਿਨ੍ਹਾਂ ਲਈ ਬੱਚੇ ਅਜੇ ਤਿਆਰ ਨਹੀਂ ਹਨ। ਬੱਚਿਆਂ ਦੇ ਕੁਝ ਪੱਲੇ ਪਾਉਣ ਲਈ ਆਨਲਾਈਨ ਸਿੱਖਿਆ ਨੂੰ ਆਫਲਾਈਨ ਸਿੱਖਿਆ ਵਿੱਚ ਮਰਜ ਕਰਨਾ ਸਮੇਂ ਦੀ ਵੱਡੀ ਲੋੜ ਹੈ। ਘਰ ਰਹਿ ਕੇ ਆਦਤਾਂ ਇਸ ਕਦਰ ਹੋ ਗਈਆਂ ਹਨ ਕਿ ਸਕੂਲ ਲੱਗਣ ਤੋਂ ਬਾਅਦ ਕੇਵਲ ਬੱਚੇ ਹੀ ਨਹੀਂ ਸਗੋਂ ਅਧਿਆਪਕ ਵੀ ਬੱਝੇ ਹੋਏ ਮਹਿਸੂਸ ਕਰ ਰਹੇ ਹਨ। ਸੁਭਾਅ ਅੰਦਰ ਆਈਆਂ ਇਨ੍ਹਾਂ ਪ੍ਰਵਿਰਤੀਆਂ ਨੂੰ ਬਦਲਣ ਲਈ ਸਬੰਧਿਤਾਂ ਨਾਲ ਵਿਸ਼ੇਸ਼ ਗੱਲ-ਬਾਤ ਅਤੇ ਆਦਾਨ-ਪ੍ਰਦਾਨ ਦੀ ਲੋੜ ਹੈ। ਹਾਲਾਂਕਿ ਸਕੂਲ ਖੁੱਲ੍ਹ ਚੁੱਕੇ ਹਨ ਪਰ ਆਨਲਾਈਨ ਪੜ੍ਹਾਈ ਅਜੇ ਵੀ ਬਾ-ਦਸਤੂਰ ਜਾਰੀ ਹੈ ਜਿਸ ਨਾਲ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ’ਤੇ ਵੀ ਮਾਨਸਿਕ ਦਬਾਅ ਅਤੇ ਕੰਮ ਦਾ ਬੋਝ ਹੈ। ਅੱਜ ਸਿੱਖਿਆ ਦੇ ਖੇਤਰ ਅੰਦਰ ਹੈਪੀ ਲਰਨਿੰਗ ਦੀ ਵੱਡੀ ਲੋੜ ਹੈ ਸਕੂਲ ਖੁੱਲ੍ਹਣ ਤੋਂ ਬਾਅਦ ਆਫਲਾਈਨ ਪੜ੍ਹਾਈ ਦਾ ਦਾਇਰਾ ਮੋਕਲਾ ਕਰਨ ਨਾਲ ਬੱਚੇ ਤੇ ਅਧਿਆਪਕ ਪੂਰੀ ਤਰ੍ਹਾਂ ਸਕੂਲਾਂ ਨਾਲ ਜੁੜ ਸਕਦੇ ਹਨ। ਬੱਚਿਆਂ ਨੂੰ ਆਫਲਾਈਨ ਜਾਂ ਆਨਲਾਈਨ ਦੋਵਾਂ ਤਰੀਕਿਆਂ ਨੂੰ ਪੜ੍ਹਨ ਦੀ ਖੁੱਲ੍ਹ ਹੈ, ਪਰ ਸਿੱਖਿਆ ਲਈ ਲੋੜੀਂਦੀਆਂ ਸਹੂਲਤਾਂ ਤੇ ਭੌਤਿਕ ਸਾਧਨਾਂ ਦੀ ਘਾਟ ਕਰਕੇ ਇਹ ਲਾਗੂ ਕਰਨ ਯੋਗ ਨਹੀਂ ਸੀ। ਸੈਕੰਡਰੀ ਵਰਗ ਦੀਆਂ ਜਮਾਤਾਂ ਭਾਵ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਬੱਚਿਆਂ ਦੀ ਆਫਲਾਈਨ ਪੜ੍ਹਾਈ ਪ੍ਰਤੀ ਵਿਦਿਆਰਥੀਆਂ ਅਤੇ ਮਾਪਿਆਂ ਦਾ ਹੁੰਗਾਰਾ ਬਹੁਤ ਵਧੀਆ ਹੈ । ਇੱਕ ਸਰਵੇ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਅੰਦਰ ਹਾਜ਼ਰੀ ਹੌਲੀ-ਹੌਲੀ 90% ਦੇ ਅੰਕੜੇ ਨੂੰ ਪਾਰ ਕਰ ਗਈ ਹੈ।  ਸਕੂਲ ਸਿੱਖਿਆ ਵਿਭਾਗ ਵੱਲੋਂ ਰਾਸ਼ਟਰੀ ਪ੍ਰਾਪਤੀ ਸਰਵੇਖਣ ਸਰਵੇ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਕੌਮੀ ਪੱਧਰ ’ਤੇ ਸੁਬ੍ਹਾ ਦੇ ਵਧੀਆ ਪ੍ਰਦਰਸ਼ਨ ਲਈ ਵਿਦਿਆਰਥੀਆਂ, ਅਧਿਆਪਕਾਂ ਤੋਂ ਬਿਨਾਂ ਸਿੱਖਿਆ ਵਿਭਾਗ ਦੇ ਛੋਟੇ-ਵੱਡੇ ਅਧਿਕਾਰੀ ਵੀ ਸਿਰਤੋੜ ਯਤਨ ਕਰ ਰਹੇ ਹਨ। ਸਿੱਖਿਆ ਵਿਭਾਗ ਵੱਲੋਂ ਇੱਕ-ਇੱਕ ਗਤੀਵਿਧੀ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ। ਹਫ਼ਤਾਵਰੀ ਮੀਟਿੰਗਾਂ ਰਾਹੀਂ ਬੱਚਿਆਂ ਦੀ ਅਕਾਦਮਕਿ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।ਕੋਵਿਡ-19 ਦੀਆਂ ਸਰਕਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਹੋਣ ਦੇ ਬਾਵਜੂਦ ਮਾਪਿਆਂ ਨੂੰ ਬੱਚਿਆਂ ਨੂੰ ਸਰੀਰਕ ਕਲਾਸਾਂ ਲਈ ਭੇਜਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਤੇ ਮਹਿਜ਼ ਗੈਰ-ਹਾਜ਼ਰੀ ਕਰਕੇ ਬੱਚਿਆਂ ਦਾ ਸਕੂਲ ਵਿੱਚੋਂ ਨਾਂਅ ਵੀ ਨਹੀਂ ਕੱਟਿਆ ਜਾ ਸਕਦਾ। ਲੰਬੇ ਵਕਫ਼ੇ ਤੋਂ ਬਾਅਦ ਸਕੂਲ ਆਏ ਬੱਚਿਆਂ ਦੀਆਂ ਵਾਧੂ ਜਮਾਤਾਂ ਲਾ ਕੇ ਵੀ ਪੜ੍ਹਾਈ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਸਕੂਲਾਂ ’ਤੇ ਕੋਰੋਨਾ ਦਾ ਅਸਰ ਬਹੁਤ ਮਾਰੂ ਹੈ। ਨਿੱਜੀ ਸਕੂਲਾਂ ਵੱਲੋਂ ਸਕੂਲ ਬੰਦ ਵਾਲੇ ਸਮੇਂ ਦੀਆਂ ਫੀਸਾਂ ਮੰਗਣ ’ਤੇ ਕਈ ਥਾਂ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵਿੱਚ ਤਣਾਅ ਬਣਿਆ ਹੋਇਆ ਹੈ, ਜਿਸ ਬਾਰੇ ਮੀਡੀਆ ਵਿੱਚ ਹਰ ਰੋਜ਼ ਕੁਝ ਨਾ ਕੁਝ ਵੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਨਿੱਜੀ ਸਕੂਲਾਂ ਦੇ ਲਗਭਗ ਮਾਪਿਆਂ ਨੇ ਅਜੇ ਵੀ ਪਿਛਲੇ ਸਾਲ ਦੀਆਂ ਫੀਸਾਂ ਦਾ ਬਕਾਇਆ ਅਦਾ ਨਹੀਂ ਕੀਤਾ। ਸਰਕਾਰੀ ਸਕੂਲਾਂ ਦੀ ਵਧੀ ਵਿਦਿਆਰਥੀ ਸੰਖਿਆ ਇਨ੍ਹਾਂ ਸਕੂਲਾਂ ਦੀ ਵੱਡੀ ਤਾਕਤ ਹੈ।

    ਸਕੂਲਾਂ ਵਿਖੇ ਹਾਜ਼ਰੀ ਦੇ ਮਾਮਲੇ ’ਚ ਵਿਦਿਆਰਥੀਆਂ ਨੂੰ ਹਰੇਕ ਭਾਗ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਹੈ ਅਤੇ ਉਨ੍ਹਾਂ ਨੂੰ ਸਮਾਜਿਕ ਦੂਰੀਆਂ ਬਣਾਈ ਰੱਖਣ ਲਈ ਵਿਕਲਪਿਕ ਦਿਨਾਂ ’ਤੇ ਬੁਲਾਇਆ ਜਾ ਰਿਹਾ ਹੈ। ਸੂਚਨਾ ਤਕਨੀਕ ਦੇ ਸਾਧਨਾਂ ਨੂੰ ਸਿੱਖਿਆ ਦੇ ਪ੍ਰਸਾਰ ਤੇ ਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ, ਜਮਾਤਾਂ ਦੇ ਵਟਸਐਪ ਗਰੁੱਪ ਬਣੇ ਹਨ, ਜਿੱਥੇ ਸਟੱਡੀ ਮਟੀਰੀਅਲ ਤੋਂ ਬਿਨਾਂ ਬੱਚਿਆਂ ਨਾਲ ਜ਼ਰੂਰੀ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਲਾਈਵ ਜਮਾਤਾਂ ਦਾ ਰੁਝਾਨ ਕਾਫੀ ਘੱਟ ਹੈ। ਸਕੂਲ ਮੁਖੀਆਂ ਦੀਆਂ ਜ਼ਿੰਮੇਵਾਰੀਆਂ ’ਚ ਕਾਫੀ ਵਾਧਾ ਹੋਇਆ ਹੈ, ਪਿ੍ੰਸਪਲ ਨਿਗਰਾਨੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਦੇ ਸਕੂਲ ਦੇ ਅਧਿਆਪਕਾਂ ਵੱਲੋਂ ਆਨਲਾਈਨ ਜਮਾਤਾਂ ਲਾਈਆਂ ਜਾ ਰਹੀਆਂ ਹਨ ਜਾਂ ਬੱਚਿਆਂ ਦੀ ਹਾਜ਼ਰੀ ਤੇ ਰਿਸਪਾਂਸ ਕੀ ਹੈ? ਪਰ ਇੱਕ ਬੰਦੇ ਵੱਲੋਂ ਇੰਨੇ ਅਨੇਕਾਂ ਵਟਸਐਪ ਗਰੁੱਪਾਂ ਤੇ ਵਿਆਪਕ ਤਾਣੇ-ਬਾਣੇ ਦੀ ਨਿਗਰਾਨੀ ਕਰਨਾ ਔਖਾ ਕੰਮ ਹੈ। ਇਸ ਲਈ ਸਫਲ ਸਿੱਖਿਆ ਤੰਤਰ ਲਈ ਟੀਮ ਵਰਕ ਦੀ ਭਾਵਨਾ ਹੋਣਾ ਅਤੀ ਜ਼ਰੂਰੀ ਹੈ। ਸਿੱਖਿਆ ਖੇਤਰ ਦੀਆਂ ਚੁਣੌਤੀਆਂ ਦਾ ਹੱਲ ਕਰਦੇ ਹੋਏ ਸਭ ਲਈ ਸਿੱਖਿਆ ਦੇ ਨਾਅਰੇ ਨੂੰ ਅਮਲੀ ਰੂਪ ’ਚ ਲਾਗੂ ਕਰਨ ਲਈ ਮਨੁੱਖੀ ਤੇ ਤਕਨੀਕੀ ਸਾਧਨਾਂ ਦੀ ਵਰਤੋਂ ਦਾ ਸਹੀ ਸੰਤੁਲਨ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।

    ਵਿਜੈ ਗਰਗ

    ਸਾਬਕਾ ਪੀਈਐਸ ਸੇਵਾ ਮੁਕਤ ਪ੍ਰਿੰਸੀਪਲ 

    ਮਲੋਟ

    Punj Darya

    Leave a Reply

    Latest Posts

    error: Content is protected !!