ਇੱਕ ਕੰਮ ਬੰਦ ਉੱਤੋਂ ਕਿਸ਼ਤਾਂ ਉਤਾਰਨ ਦਾ ਡਰ
ਭਾੜਾ ਲਾ ਕਿ ਪਾਲਦੇ ਹਨ ਪਰਿਵਾਰ
ਸੁਖਮੰਦਰ ਹਿੰਮਤਪੁਰੀ, ਨਿਹਾਲ ਸਿੰਘ ਵਾਲਾ

-ਕਰੋਨਾ ਦੀ ਭਿਆਨਕ ਮਹਾਂਮਾਰੀ ਨੇ ਜਿੱਥੇ ਆਮ ਜਨਜੀਵਨ ਠੱਪ ਕਰ ਦਿੱਤਾ ਹੈ ਉਥੇ ਕਿਸੇ ਹੋਰ ‘ਤੇ ਨਿਰਭਰ ਕਾਰੋਬਾਰ ਇੱਕ ਦਮ ਲੀਹ ਤੋ ਲਹਿ ਗਏ ਹਨ ਅਤੇ ਉਹਨਾਂ ਨੂੰ ਕਰਨ ਵਾਲੇ ਮਾਲਿਕ ਜਾਂ ਕਰਿੰਦੇ ਵੀ ਅੱਜ ਬੇਰੁਜ਼ਗਾਰ ਹੋਏ ਘਰਾਂ ਵਿਚ ਮਾਯੂਸ ਬੈਠੇ ਹਨ । ਉਹਨਾਂ ਲਈ ਕਰੋਨਾ ਵਾਇਰਸ ਮਹਾਂਮਾਰੀ ਨਹੀਂ ਸਗੌਂ ਕਹਿਰ ਬਣ ਕਿ ਉਹਨਾਂ ਦੀ ਜ਼ਿੰਦਗੀ ਵਿਚ ਆਇਆ ਹੈ। ਜੇਕਰ ਗੱਲ ਕਰੀਏ ਟੈਕਸੀ ਮਾਲਕਾਂ ਅਤੇ ਡਰਾਈਵਰਾਂ ਦੀ ਜਿੰਨਾਂ ਤੇ ਕਰੋਨਾ ਦੀ ਦੂਹਰੀ ਮਾਰ ਪਈ ਹੈ ।
ਪਿੰਡ ਸ਼ਹਿਰਾਂ ਵਿਚ ਕਈ ਅਜਿਹੇ ਵਿਅਕਤੀ ਹਨ ਜਿਨ੍ਹਾਂ ਦਾ ਗੁਜ਼ਾਰਾ ਸਵਾਰੀਆਂ ਨਾਲ ਚਲਦਾ ਸੀ ਅੱਜ ਕਰੋਨਾ ਵਾਇਰਸ ਕਾਰਨ ਹੋਏ ਲੌਕਡਾਊਨ ਕਰਕੇ ਉਹਨਾਂ ਦੀ ਰੋਜ਼ਮਾਰਾਂ ਦੀ ਜ਼ਿੰਦਗੀ ਵਿੱਚ ਖੜੋਤ ਆਈ ਗਈ ਹੈ।
ਬਹੁਤ ਸਾਰੀਆਂ ਗੱਡੀਆਂ ਜਿਵੇਂ ਕਾਰਾਂ,ਛੋਟੇ ਹਾਥੀ,ਮਹਿੰਦਰਾ ਪਿਕ ਅੱਪ,ਆਟੋ ,ਰਿਕਸ਼ਾ,ਈ ਰਿਕਸ਼ਾ ਵਰਗੀਆਂ ਅਨੇਕਾਂ ਗੱਡੀਆਂ ਹਜ਼ਾਰਾਂ ਨਹੀਂ ਲੱਖਾਂ ਪਰਿਵਾਰਾਂ ਦਾ ਪੇਟ ਪਾਲਦੀਆਂ ਸਨ।
ਇਸ ਸਬੰਧੀ ਗੱਲ ਕਰਦਿਆਂ ਰੋਡ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਜੂ ਸ਼ਰਮਾਂ ਨੇ ਕਿਹਾ ਅੱਜ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਕਾਰਨ ਪੰਜਾਬ ਵਿੱਚ ਲੱਖਾਂ ਟੈਕਸੀ ਚਾਲਕਾਂ ਤੇ ਡਰਾਈਵਰਾਂ ਦੀ ਹਾਲਤ ਮਾੜੀ ਹੋਈ ਹੈ ਕਿਉਂਕਿ ਇੱਕ ਤਾਂ ਉਹਨਾਂ ਦੇ ਰੁਜ਼ਗਾਰ ਠੱਪ ਹੋ ਗੲੇ ਹਨ ਦੂਜਾ ਉਹਨਾਂ ਤੇ ਬੈਂਕਾਂ ਜਾ ਪ੍ਰਾਈਵੇਟ ਫਾਇਨਾਂਸ ਦੀ ਮਾਰ ਪੈ ਰਹੀ ਹੈ । ਯੂਨੀਅਨ ਦੇ ਆਗੂਆਂ ਹਰਮਨ ਸ਼ਰਮਾ, ਬਲਦੇਵ ਸਿੰਘ ਬੁੱਟਰ, ਕੁਲਦੀਪ ਧੀਂਗੜਾ, ਕੌਰ ਸਿੰਘ ਨਿਹਾਲ ਸਿੰਘ ਵਾਲਾ, ਸੇਵਕ ਹਿੰਮਤਪੁਰਾ ਨੇ ਕਿਹਾ ਪੰਜਾਬ ਸਰਕਾਰ ਬੈਂਕਾਂ ਅਤੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੇ ਪੈ ਰਹੇ ਵਿਆਜ ਨੂੰ ਤਿੰਨ ਮਹੀਨਿਆਂ ਲਈ ਮੁਆਫੀ ਕਰਵਾਏ ਅਤੇ ਉਹਨਾਂ ਵੱਲੋਂ ਮਹੀਨੇਵਾਰ ਭਰਨ ਵਾਲੀਆਂ ਕਿਸ਼ਤਾਂ ਜਿੰਨਾਂ ਦੀ ਕੀਮਤ ਦਸ, ਗਿਆਰਾਂ ਹਜ਼ਾਰ ਰੁਪਏ ਹੈ ਉਹਨਾਂ ਨੂੰ ਉਤਾਰਨਾ ਬੜਾ ਮੁਸ਼ਕਿਲ ਹੋਇਆ ਉਹਨਾਂ ਦਾ ਸਮਾਂ ਅੱਗੇ ਪਾਇਆ ਜਾਵੇ। ਉਹਨਾਂ ਕਿਹਾ ਕਿ ਟੈਕਸੀ ਚਾਲਕਾਂ ਤੋਂ ਸਰਕਾਰ ਜੋਂ ਟੈਕਸ ਲੈਂਦੀ ਹੈ ਉਹ ਵੀ ਮੂਆਫ ਕੀਤੇ ਜਾਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਗਾ ਸਿੰਘ, ਹਰਬੰਸ ਸਿੰਘ ਮੱਲ੍ਹੀ, ਪ੍ਰਗਟ ਸੰਧੂ, ਮਨਦੀਪ ਸਿੰਘ ਅਤੇ ਬਲਕਰਨ ਸਿੰਘ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸਿਰਫ ਗੱਡੀ ਦੀ ਕਮਾਈ ਨਾਲ ਪਲਦਾ ਸੀ ਬੰਦ ਕਾਰਨ ਉਹ ਜਿੱਥੇ ਵਿਹਲੇ ਹੋ ਗਏ ਹਨ ਉਥੇ ਸਿਰ ਚੜ੍ਹੇ ਕਰਜ਼ੇ ਦਾ ਫ਼ਿਕਰ ਵੀ ਵੱਢ ਵੱਢ ਸਤਾ ਰਿਹਾ ਹੈ।ਇਸ ਸਬੰਧੀ ਤੇਜ਼ੀ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਅਧੀਨ 1600 ਦੇ ਕਰੀਬ ਗੱਡੀਆਂ ਹਨ ਜਿੰਨਾਂ ਵਿਚੋਂ ਜ਼ਿਆਦਾਤਰ ਲੋਨ ਲੈ ਕੇ ਆਪਣਾ ਕੰਮ ਚਲਾਉਂਦੇ ਹਨ ਜੋਂ ਕਿ ਅੱਜ ਕਰੋਨਾ ਅਤੇ ਲੌਕਡਾਉਨ ਕਾਰਨ ਬੇਰੁਜ਼ਗਾਰ ਹੋਏ ਪਾਏ ਹਨ ਅਤੇ ਅੱਗੇ ਗਰਮੀ ਵਿੱਚ ਵਿਆਹ ਸ਼ਾਦੀਆਂ ਦਾ ਸੀਜ਼ਨ ਨਾ ਹੋਣ ਕਰਕੇ ਉਹਨਾਂ ਨੂੰ ਇਹ ਪੂਰਾ ਸਾਲ ਦੀ ਮਾਰ ਪੈ ਗਈ ਹੈ ਕੰਮ ਨਾ ਹੋਣ ਕਰਕੇ ਕਿਸ਼ਤਾਂ ਭਰਨੀਆਂ ਬੜੀਆਂ ਮੁਸ਼ਕਿਲ ਹਨ।