ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਨਿਊ ਮੈਕਸੀਕੋ ‘ਚ ਫੋਰਟ ਬਲਿਸ ਵਿਖੇ ਇੱਕ ਮਹਿਲਾ ਸੈਨਿਕ ਵੱਲੋਂ, ਉਸ ਨਾਲ ਕੁੱਝ ਪੁਰਸ਼ ਅਫਗਾਨ ਸ਼ਰਨਾਰਥੀਆਂ ਦੇ ਇੱਕ ਸਮੂਹ ਦੁਆਰਾ ਮਾਰਕੁੱਟ ਕਰਨ ਦੀ ਰਿਪੋਰਟ ਕੀਤੀ ਗਈ ਹੈ, ਜਿਸ ਦੀ ਐੱਫ ਬੀ ਆਈ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਸ ਦੇ ਇੱਕ ਲੈਫਟੀਨੈਂਟ ਕਰਨਲ ਨੇ ਦੱਸਿਆ ਕਿ ਇਸ ਮਹਿਲਾ ਸੈਨਿਕ ਦੇ ਅਨੁਸਾਰ ਉਸ ‘ਤੇ 19 ਸਤੰਬਰ ਨੂੰ ਬੇਸ ਦੇ ਡੋਨਾ ਅਨਾ ਕੰਪਲੈਕਸ ਵਿੱਚ ਇੱਕ ਛੋਟੇ ਅਫਗਾਨੀ ਸ਼ਰਨਾਰਥੀ ਸਮੂਹ ਦੁਆਰਾ ਹਮਲਾ ਕੀਤਾ ਗਿਆ ਸੀ। ਕਰਨਲ ਅਨੁਸਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ, ਇਹ ਕੇਸ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੋਲ ਭੇਜਿਆ ਗਿਆ ਹੈ। ਡੋਨਾ ਅਨਾ ਕੰਪਲੈਕਸ, ਜੋ ਕਿ ਨਿਊ ਮੈਕਸੀਕੋ ਸਰਹੱਦ ਦੇ ਪਾਰ ਟੈਕਸਸ ਦੇ ਏਲ ਪਾਸੋ ਵਿੱਚ ਫੋਰਟ ਬਲਿਸ ਵਿੱਚ ਹੈ, ਨੂੰ ਫਾਇਰਿੰਗ ਰੇਂਜ ਵਜੋਂ ਵਰਤਿਆ ਜਾਂਦਾ ਹੈ ਅਤੇ ਹੁਣ ਇਸਨੂੰ ਸ਼ਰਨਾਰਥੀਆਂ ਲਈ ਇੱਕ ਵਿਸ਼ਾਲ, ਏਅਰ ਕੰਡੀਸ਼ਨਡ ਟੈਂਟ ਸਿਟੀ ਵਿੱਚ ਬਦਲਿਆ ਗਿਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਤਕਰੀਬਨ 10,000 ਬੇਘਰ ਸ਼ਰਨਾਰਥੀ ਇਸ ਸੁਵਿਧਾ ਵਿੱਚ ਰਹਿ ਰਹੇ ਹਨ ਅਤੇ ਉਹ ਅਗਲੀ ਕਾਰਵਾਈ ਤੱਕ ਇਸ ਬੇਸ ਵਿੱਚ ਰਹਿਣਗੇ।
