
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਦੇ ਪੁਲਿਸ ਵਿਭਾਗ ਵੱਲੋਂ ਅਗਸਤ ਦੇ ਸ਼ੁਰੂ ਵਿੱਚ ਗੈਂਗ ਹਿੰਸਾ ‘ਤੇ ਆਪਣੇ ਯਤਨਾਂ ਨੂੰ ਕੇਂਦਰਤ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਤਕਰੀਬਨ 300 ਅਪਰਾਧਿਕ ਗ੍ਰਿਫਤਾਰੀਆਂ ਕੀਤੀਆਂ ਹਨ। ਇਸ ਸਬੰਧੀ ਫਰਿਜ਼ਨੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਦੇ ਮੈਗੇਕ ਅਧਿਕਾਰੀਆਂ ਨੇ ਫਰਿਜ਼ਨੋ ਪੁਲਿਸ ਗੈਂਗ ਸੁਪਰੈਸ਼ਨ ਟੀਮ (ਜੀ ਐਸ ਟੀ) ਦੇ ਨਾਲ ਕੰਮ ਕਰਦੇ ਹੋਏ ਅਪਰਾਧਿਕ ਗੈਂਗ ਦੇ ਮੈਂਬਰਾਂ, ਗੈਂਗ ਨਾਲ ਸਬੰਧਤ ਗੋਲੀਬਾਰੀ ਅਤੇ ਹੱਤਿਆਵਾਂ ਨਾਲ ਜੁੜੀਆਂ ਅਪਰਾਧਿਕ ਗਤੀਵਿਧੀਆਂ ‘ਤੇ ਆਪਣਾ ਧਿਆਨ ਕੇਂਦਰਤ ਕੀਤਾ ਹੈ। ਪੁਲਿਸ ਅਨੁਸਾਰ ਪਿਛਲੇ ਦਸ ਦਿਨਾਂ ਦੇ ਅੰਦਰ ਹੀ 16 ਅਪਰਾਧਿਕ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ 7 ਸਰਚ ਵਾਰੰਟਾਂ ‘ਤੇ ਕਾਰਵਾਈ ਕਰਦਿਆਂ ਗੈਂਗ ਮੈਂਬਰਾਂ ਕੋਲੋਂ 12 ਹਥਿਆਰ ਵੀ ਜਬਤ ਕੀਤੇ ਹਨ। ਫਰਿਜ਼ਨੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਗਏ ਬਹੁਤ ਸਾਰੇ ਹਥਿਆਰਾਂ ਦੀ ਵਰਤੋਂ ਫਰਿਜ਼ਨੋ ਸ਼ਹਿਰ ਵਿੱਚ ਗੋਲੀਬਾਰੀ ਕਰਨ ਲਈ ਕੀਤੀ ਜਾ ਰਹੀ ਸੀ। ਵਿਭਾਗ ਅਨੁਸਾਰ ਕੁੱਲ ਮਿਲਾ ਕੇ, 5 ਅਗਸਤ ਨੂੰ ਗੈਂਗ ਆਪਰੇਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ, ਅਧਿਕਾਰੀਆਂ ਅਤੇ ਜਾਸੂਸਾਂ ਨੇ 282 ਗ੍ਰਿਫਤਾਰੀਆਂ ਦੇ ਨਾਲ 162 ਬੰਦੂਕਾਂ ਜ਼ਬਤ ਕੀਤੀਆਂ ਹਨ ।