ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਅਜੋਕੇ ਸਮੇਂ ਵਿੱਚ ਨਵੀਂ ਤਕਨਾਲੌਜੀ ਦੀ ਸੁਚੱਜੀ ਵਰਤੋਂ ਨਾਲ ਜਿੱਥੇ ਮਨੁੱਖੀ ਜਿੰਦਗੀ ਦਾ ਹਰ ਕੰਮ ਆਸਾਨ ਹੋ ਗਿਆ ਹੈ, ਉੱਥੇ ਹੀ ਕੁੱਝ ਸੈਤਾਨੀ ਦਿਮਾਗਾਂ ਵੱਲੋਂ ਨਵੀਆਂ ਕਾਢਾਂ ਦੀ ਵਰਤੋਂ ਕਰਕੇ ਨੁਕਸਾਨ ਵੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਕਾਟਲੈਂਡ ਵਿੱਚ ਸਾਹਮਣੇ ਆਇਆ ਹੈ, ਜਿੱਥੇ ਤਕਨਾਲੌਜੀ ਦੀ ਵਰਤੋਂ ਕਰਕੇ ਲੋਕਾਂ ਦੇ ਘਰਾਂ ਅੱਗੋਂ ਕਾਰਾਂ ਨੂੰ ਚੋਰੀ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਅਨੁਸਾਰ ਸਕਾਟਲੈਂਡ ਦੇ ਕੁੱਝ ਹਿੱਸਿਆਂ ਵਿੱਚ 100 ਤੋਂ ਵੱਧ ਕਾਰਾਂ ਚੋਰੀ ਹੋਈਆਂ ਹਨ ਅਤੇ ਚੋਰ ਕਾਰਾਂ ਨੂੰ ਚਾਬੀਆਂ ਚੋਰੀ ਕੀਤੇ ਬਿਨਾਂ ਖੋਲ੍ਹਣ ਲਈ ਤਕਨਾਲੌਜੀ ਦੀ ਵਰਤੋਂ ਕਰ ਰਹੇ ਹਨ। ਸਕਾਟਲੈਂਡ ਪੁਲਿਸ ਨੇ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ ਐਡਿਨਬਰਾ, ਫੌਰਥ ਵੈਲੀ, ਈਸਟ ਲੋਥੀਅਨ, ਮਿਡਲੋਥੀਅਨ, ਵੈਸਟ ਲੋਥੀਅਨ, ਫਾਈਫ ਅਤੇ ਡੰਡੀ ਦੇ ਘਰਾਂ ਦੇ ਬਾਹਰੋਂ 119 ਵਾਹਨ ਚੋਰੀ ਹੋ ਚੁੱਕੇ ਹਨ। ਇਹਨਾਂ ਚੋਰੀਆਂ ਨੂੰ ਕਰਨ ਲਈ ਚੋਰ ਸਿਗਨਲ ਬੂਸਟਰਾਂ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਹ ਬਿਨਾਂ ਚਾਬੀ ਦੀ ਵਰਤਿਆਂ ਜਾਂ ਕਾਰ ਦਾ ਸ਼ੀਸ਼ਾ ਤੋੜੇ ਕਾਰ ਚੋਰੀ ਕਰ ਲੈਂਦੇ ਹਨ। ਇਸ ਉਪਕਰਣ ਦੀ ਵਰਤੋਂ ਨਾਲ ਚੋਰ ਇਲੈਕਟ੍ਰਿਕ ਕਾਰ ਚਾਬੀਆਂ ਦੇ ਸਿਗਨਲ ਤੱਕ ਪਹੁੰਚ ਕਰਕੇ ਕਾਰ ਨੂੰ ਖੋਲ੍ਹਦੇ ਹਨ। ਇਸ ਲਈ ਪੁਲਿਸ ਦੁਆਰਾ ਇਲੈਕਟ੍ਰਿਕ ਕੀ ਫੋਬਸ ਵਾਲੇ ਲੋਕਾਂ ਨੂੰ ਸਿਗਨਲ-ਬਲੌਕਿੰਗ ਉਪਕਰਣ ਖਰੀਦਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧਾਂ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਜਾ ਸਕੇ। ਇਸਦੇ ਇਲਾਵਾ ਚਾਬੀਆਂ ਨੂੰ ਬਕਸੇ ਜਾਂ ਪਾਊਚ ਵਿੱਚ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਇਸਦੇ ਸਿਗਨਲ ਤੱਕ ਨਾ ਪਹੁੰਚਿਆ ਜਾ ਸਕੇ।ਪੁਲਿਸ ਰਿਪੋਰਟ ਅਨੁਸਾਰ ਜ਼ਿਆਦਾਤਰ ਚੋਰੀਆਂ ਐਡਿਨਬਰਾ ਵਿੱਚ ਹੋਈਆਂ ਹਨ, ਜਿੱਥੇ ਅਜਿਹੀਆਂ 40 ਕਾਰਾਂ ਚੋਰੀ ਹੋਈਆਂ ਹਨ, ਇਸ ਤੋਂ ਬਾਅਦ ਲੋਥੀਅਨ ਵਿੱਚ 33, ਟੇਸਾਈਡ ਵਿੱਚ 19, ਫਾਈਫ ਵਿੱਚ 16 ਅਤੇ ਫੌਰਥ ਵੈਲੀ ਵਿੱਚ 11 ਕਾਰਾਂ ਚੋਰੀਆਂ ਹੋਈਆਂ ਹਨ।
