ਸ਼ਹਿਰ ਵਿੱਚ ਮਾਰਚ ਕਰਕੇ ਮੇਨ ਚੌਂਕ ਮੋਗਾ ਵਿਖੇ ਭੰਨਿਆ ਸਰਕਾਰ ਦੇ ਲਾਰਿਆਂ ਦਾ ਘੜਾ
ਮੋਗਾ (ਪੰਜ ਦਰਿਆ ਬਿਊਰੋ) ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਅੱਜ ਦੇਸ਼ ਭਰ ਦੇ ਵੱਖ ਵੱਖ ਵਿਭਾਗਾਂ ਵਾੱਚ ਕੰਮ ਕਰਦੇ ਸਕੀਮ ਵਰਕਰਾਂ ਨੇ ਇੱਕ ਰੋਜਾ ਹੜਤਾਲ ਕਰਕੇ ਕੰਮਕਾਜ ਠੱਪ ਕੀਤਾ। ਇਸ ਕੜੀ ਤਹਿਤ ਸਿਹਤ ਵਿਭਾਗ ਮੋਗਾ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਕੰਮਕਾਜ ਠੱਪ ਕਰਕੇ ਦਫਤਰ ਸਿਵਲ ਸਰਜਨ ਮੋਗਾ ਅੱਗੇ ਦੋ ਘੰਟੇ ਦਾ ਰੋਸ ਪ੍ਰਦਰਸ਼ਨ ਕਰਕੇ ਮੋਗਾ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕਰਦੇ ਹੋਏ ਮੇਨ ਚੌਂਕ ਮੋਗਾ ਵਿੱਚ ਜਾ ਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਲਾਰਿਆਂ ਦਾ ਘੜਾ ਭੰਨਿਆ। ਸਿਵਲ ਸਰਜਨ ਦਫਤਰ ਮੋਗਾ ਅੱਗੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂਆਂ ਜਿਲ੍ਹਾ ਪ੍ਰਧਾਨ ਮਨਦੀਪ ਕੌਰ ਡਰੋਲੀ, ਕਿਰਨਦੀਪ ਕੌਰ ਢੁੱਡੀਕੇ, ਸ਼ਾਂਤੀ ਪੱਤੋ ਹੀਰਾ ਸਿੰਘ, ਪ੍ਰਵੀਨ ਕੁਮਾਰੀ ਢੁੱਡੀਕੇ, ਵਿਸ਼ਾਲ ਪੱਤੋ ਹੀਰਾ ਸਿੰਘ ਨੇ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਸਰਕਾਰ ਲਗਾਤਾਰ ਆਸ਼ਾ ਵਰਕਰਾ, ਫੈਸਿਲੀਟੇਟਰਾਂ ਅਤੇ ਵੱਖ ਵੱਖ ਸਕੀਮਾਂ ਅਧੀਨ ਕੰਮ ਕਰਦੇ ਕਾਮਿਆਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ ਅਤੇ ਇੰਸੈਂਟਿਵ ਦੇ ਨਾਮ ਤੇ ਨਿਗੂਣੇ ਭੱਤੇ ਦੇ ਕੇ ਟਾਈਮ ਪਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਰੈਗੂਲਰ ਮੁਲਾਜਮਾਂ ਵਾਂਗ ਦਿਨ ਰਾਤ ਲੋਕਾਂ ਦੀ ਸੇਵਾ ਕਰ ਰਹੀਆਂ ਹਾਂ ਪਰ ਫਿਰ ਵੀ ਅਸੀਂ ਆਪਣੇ ਪਰਿਵਾਰ ਨੂੰ ਪੇਟ ਭਰ ਖਾਣਾ ਦੇਣ ਤੋਂ ਵੀ ਅਸਮਰੱਥ ਹਾਂ, ਜਿਸ ਕਾਰਨ ਜਿਆਦਾਤਰ ਪਰਿਵਾਰਾਂ ਵਿੱਚ ਕਲੇਸ਼ ਪੈਦਾ ਹੋ ਰਹੇ ਹਨ ਅਤੇ ਪਰਿਵਾਰ ਟੁੱਟਣ ਦੀ ਨੌਬਤ ਆ ਰਹੀ ਹੈ। ਸਰਕਾਰ ਸਾਡੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਤੇ ਨਾ ਹੀ ਸਾਨੂੰ ਕੋਈ ਬੱਝਵੀਂ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਵਿੱਚ ਆਸ਼ਾ ਵਰਕਰਾਂ ਨੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਦਿਨ ਰਾਤ ਕੰਮ ਕੀਤਾ ਹੈ ਜਿਸ ਕਾਰਨ ਸਾਡੀਆਂ ਬਹੁਤ ਸਾਰੀਆਂ ਆਸ਼ਾ ਵਰਕਰਾਂ ਮੌਤ ਦੇ ਮੂੰਹ ਚਲੀਆਂ ਗਈਆਂ ਹਨ ਤੇ ਕਈ ਲੰਬਾ ਸਮਾਂ ਜਿੰਦਗੀ ਮੌਤ ਦੀ ਲੜਾਈ ਲੜ ਕੇ ਵਾਪਸ ਆਈਆਂ ਹਨ। ਸਰਕਾਰ ਨੇ ਉਨ੍ਹਾਂ ਦੀ ਬਿਲਕੁਲ ਸਾਰ ਨਹੀਂ ਲਈ ਤੇ ਨਾ ਹੀ ਇਨ੍ਹਾਂ ਪਰਿਵਾਰਾਂ ਦੀ ਕੋਈ ਆਰਥਿਕ ਮੱਦਦ ਕੀਤੀ। ਇਸ ਲਈ ਅਸੀਂ ਮੰਗ ਕਰਦੀਆਂ ਹਾਂ ਕਿ ਸਾਨੂੰ ਵੀ ਰੈਗੂਲਰ ਮੁਲਾਜਮਾਂ ਵਾਂਗ ਬੀਮਾ ਕਵਰ ਦਿੱਤਾ ਜਾਵੇ। ਇਸ ਮੌਕੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ, ਜਿਲ੍ਹਾ ਆਗੂ ਮਹਿੰਦਰ ਪਾਲ ਲੂੰਬਾ, ਬਲਾਕ ਢੁਡੀਕੇ ਦੇ ਪ੍ਰਧਾਨ ਮਨਦੀਪ ਸਿੰਘ ਭਿੰਡਰ, ਪੱਤੋ ਹੀਰਾ ਸਿੰਘ ਦੇ ਪ੍ਰਧਾਨ ਰਮਨਜੀਤ ਸਿੰਘ ਭੁੱਲਰ, ਹਰਦੀਪ ਸਿੰਘ, ਅਮਰਦੀਪ ਸਿੰਘ ਅਤੇ ਬਲਵਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਆਸ਼ਾ ਵਰਕਰਾਂ ਨੂੰ ਇੱਕਜੁਟ ਹੋਣ ਲਈ ਪ੍ਰੇਰਿਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸਕੀਮ ਵਰਕਰਾਂ ਨੂੰ ਘੱਟੋ ਘੱਟ 24000 ਰੁਪਏ ਬੱਝਵਾਂ ਵੇਤਨ ਦੇਣਾ ਯਕੀਨੀ ਬਣਾਇਆ ਜਾਵੇ, ਸਥਾਈ ਰੁਜ਼ਗਾਰ ਸੁਨਿਸ਼ਚਤ ਕੀਤਾ ਜਾਵੇ ਅਤੇ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇ, ਮਜਦੂਰ ਵਿਰੋਧੀ ਲੇਬਰ ਕੋਡ ਰੱਦ ਕੀਤੇ ਜਾਣ, ਯੂਨੀਫਾਰਮ ਭੱਤਾ ਦੁੱਗਣਾ ਕੀਤਾ ਜਾਵੇ ਅਤੇ ਟੂਰ ਅਲਾਉਂਸ ਵੱਖਰਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਸ਼ੋਸ਼ਲ ਹੈਲਥ ਐਕਟਿਵਿਸਟ ਦੇ ਨਾਮ ਤੇ ਇਨ੍ਹਾਂ ਕਾਮਿਆਂ ਤੋਂ ਦਿਨ ਰਾਤ ਕੰਮ ਲੈ ਕੇ ਇੰਸੈਂਟਿਵ ਦੇ ਨਾਮ ਤੇ ਇਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ, ਜੋ ਕਿ ਇਨ੍ਹਾਂ ਲੱਖਾਂ ਕਾਮਿਆਂ ਨਾਲ ਧੋਖਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਨ੍ਹਾਂ ਨੂੰ ਜੱਥੇਬੰਦੀ ਕਰਕੇ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਵਿੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਹੜਤਾਲ ਸੰਕੇਤਕ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੱਡੀ ਲੜਾਈ ਵਿੱਢ ਕੇ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇਗਾ। ਇਸ ਮੌਕੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ ਅਤੇ ਬਜਾਰ ਵਿੱਚ ਦੀ ਰੋਸ ਮਾਰਚ ਕਰਦੀਆਂ ਹੋਈਆਂ ਮੇਨ ਚੌਕ ਮੋਗਾ ਵਿੱਚ ਜਾ ਕੇ ਸਰਕਾਰ ਦੇ ਲਾਰਿਆਂ ਦਾ ਘੜਾ ਭੰਨਿਆ। ਇਸ ਮੌਕੇ ਉਕਤ ਤੋਂ ਇਲਾਵਾ ਜਸਵਿੰਦਰ ਕੌਰ ਜਨਰਲ ਸਕੱਤਰ, ਨੀਨਾ ਕੁਮਾਰੀ, ਕੁਲਦੀਪ ਕੌਰ, ਕਮਲਜੀਤ ਕੌਰ ਚੁਗਾਵਾਂ, ਅਕਬੀਰ ਕੌਰ, ਰੇਖਾ, ਰਾਜਿੰਦਰ ਕੌਰ ਕਪੂਰੇ, ਪਰਮਜੀਤ ਕੌਰ, ਸਰਬਜੀਤ ਕੌਰ ਰੌਲੀ, ਨਵਜੋਤ ਕੌਰ, ਅਮਰਜੀਤ ਕੌਰ, ਗਗਨਦੀਪ ਕੌਰ, ਮਨਜੀਤ ਕੌਰ, ਪ੍ਰਵੀਨ ਕੁਮਾਰੀ, ਕੁਲਵੰਤ ਕੌਰ, ਨਸੀਬ ਕੌਰ ਆਦਿ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਹਾਜਰ ਸਨ।
