ਬਠਿੰਡਾ (ਅਸ਼ੋਕ ਵਰਮਾ) ਆਮ ਆਦਮੀ ਪਾਰਟੀ ਦੇ ਬਠਿੰਡਾ ਸ਼ਹਿਰੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਨੇ ਬਾਦਲਾਂ ਦੇ ਹਲਕੇ ’ਚ ਆਪਣੀ ਤਾਕਤ ਦਾ ਵਿਖਾਵਾ ਕੀਤਾ ਅਤੇ ਬਠਿੰਡਾ ਦੇ ਦੁੱਖਾਂ ਲਈ ਹਲਕਾ ਵਿਧਾਇਕ ਅਤੇ ਨਗਰ ਨਿਗਮ ਤੇ ਦਸ ਸਾਲ ਕਾਬਜ ਰਹੇ ਅਕਾਲੀ ਦਲ ਨੂੰ ਜਿੰਮੇਵਾਰ ਕਰਾਰ ਦਿੱਤਾ। ਉਨ੍ਹਾਂ ਹਾਕਮ ਧਿਰ ਕਾਂਗਰਸ ਨੂੰ ਪੰਜਾਬੀਆਂ ਤੋਂ ਮੁਆਫੀ ਮੰਗਣ ਦੀ ਨਸੀਹਤ ਵੀ ਦਿੱਤੀ । ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਉਪਰੰਤ ਲਾਈਨੋਪਾਰ ਇਲਾਕੇ ਦੇ ਦੁੱਗਲ ਪੈਲੇਸ ’ਚ ਕਰਵਾਏ ਆਪਣੇ ਪਲੇਠੇ ਜਨਤਕ ਸਮਾਗਮ ’ਚ ਗਿੱਲ ਵੱਡਾ ਇਕੱਠ ਕਰਨ ’ਚ ਸਫਲ ਰਹੇ ਜਿਸ ਕਰਕੇ ਪ੍ਰਬੰਧਕਾਂ ਨੂੰ ਵਲੰਟੀਅਰਾਂ ਦੂਸਰੀ ਵਾਰ ਕੁਰਸੀਆਂ ਦਾ ਪ੍ਰਬੰਧ ਕਰਨਾ ਪਿਆ। ਮਹੱਤਵਪੂਰਨ ਤੱਥ ਹੈ ਕਿ ਜਗਰੂਪ ਸਿੰਘ ਗਿੱਲ ਦੇ ਭਾਸ਼ਨ ਤੁਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਵਾਂਗ ਚੁੱਪ ਵਰਤੀ ਰਹੀ। ਗਿੱਲ ਨੇ ਵਿਰੋਧੀਆਂ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਪੰਜਾਬ ਵਾਸੀਆਂ ਨੂੰ ਇਸ ਵਾਰ ਝਾੜੂ ਫੇਰਨ ਦਾ ਸੱਦਾ ਦਿੱਤਾ। ਜਗਰੂਪ ਸਿੰਘ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰਾਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਉਹੀ ਰਸਤਾ ਹੁਣ ਕਾਂਗਰਸ ਦੇ ਨਵੇਂ ਬਣਾਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਕਾਂਗਰਸ ਸਰਕਾਰ ਪੰਜਾਬ ਵਾਸੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇੱਕ ਵਾਰ ਫਿਰ ਤੋਂ ਧੋਖਾ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੈਪਟਨ ਨੂੰ ਗੱਦੀਓਂ ਲਾਹ ਕੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਨਾਉਣ ਦਾ ਮਤਲਬ ਕਾਂਗਰਸ ਰੂਪੀ ਖਸਤਾਹਾਲ ਇਮਾਰਤ ਨੂੰ ਰੰਗ ਰੋਗਨ ਕਰਕੇ ਲੋਕਾਂ ਅੱਗੇ ‘ ਸਭ ਅੱਛਾ ਹੈ’ ਦਾ ਸੰਦੇਸ਼ ਦੇਣਾ ਹੈ ਪਰ ਅਸਲੀਅਤ ਸਾਹਮਣੇ ਆਉਣ ਕਾਰਨ ਇਹ ‘ ਕਾਠ ਦੀ ਹਾਂਡੀ’ ਬਾਰ ਬਾਰ ਚੜ੍ਹਨ ਵਾਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਿਛਲੇ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰੀ ਤਰਾਂ ਨਖਿੱਧ ਰਿਹਾ ਹੈ ਜਿਸ ਦੀ ਮਿਸਾਲ ਪੰਜਾਬ ਦੇ ਹਰ ਵਰਗ ਵੱਲੋਂ ਸੜਕਾਂ ਮੱੱਲਣ ਤੋਂ ਮਿਲਦੀ ਹੈ। ਕਾਂਗਰਸ ਦੀ ਕੌਮੀ ਲੀਡਰਸ਼ਿਪ ਨੂੰ ਨਿਸ਼ਾਨ ਬਣਾਉਂਦਿਆਂ ਜਗਰੂਪ ਗਿੱਲ ਨੇ ਕਿਹਾ ਕਿ ਕਾਂਗਰਸ ਮਖੌਟੇ ਬਦਲਣੇ ਬੰਦ ਕਰੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਧੋਖੇ ਦੀ ਮੁਆਫੀ ਮੰਗੇ। ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਤੱਕ ਲੈਕੇ ਜਾਵਾਂਗੇ ਅਤੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਇਸ ਵਾਰ ਆਪ ਨੂੰ ਮੌਕਾ ਦੇਣ। ਉਨ੍ਹਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਵਲੰਟੀਅਰਂ ਦਾ ਇਕੱਠ ਅਤੇ ਜੋਸ਼ ਦੱਸਦਾ ਹੈ ਕਿ ਸਾਲ 2022 ’ਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ। ਸ੍ਰੀ ਗਿੱਲ ਨੇ ਇਸ ਮੌਕੇ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ ਆਖਦਿਆਂ ਧੰਨਵਾਦ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਰਕੇਸ਼ ਪੁਰੀ, ਪੰਜਾਬ ਟ੍ਰੇਡ ਵਿੰਗ ਦੇ ਸਹਿ ਇੰਚਾਰਜ ਅਨਿਲ ਠਾਕੁਰ, ਬਠਿੰਡਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਅੰਮ੍ਰਿਤ ਅਗਰਵਾਲ, ਲੀਗ੍ਹਲ ਸੈਲ ਦੇ ਜੁਆਇੰਟ ਸਕੱਤਰ ਐਡਵੋਕੇਟ ਗੁਰਲਾਲ ਸਿੰਘ, ਸੋਸ਼ਲ ਮੀਡੀਆ ਇੰਚਾਰਜ ਸੁਖਵੀਰ ਬਰਾੜ, ਦਫਤਰ ਇੰਚਾਰਜ ਬਲਜਿੰਦਰ ਬਰਾੜ, ਲੀਗ੍ਹਲ ਸੈਲ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਯੂਥ ਵਿੰਗ ਦੇ ਜਿਲ੍ਹਾ ਪ੍ਰਧਾਨ ਅਮਰਦੀਪ ਸਿੰਘ ਰਾਜਨ, ਬੁੱਧੀਜੀਵੀ ਵਿੰਗ ਦੇ ਜਿਲ੍ਹਾ ਮਹਿੰਦਰ ਸਿੰਘ ਫੁੱਲੋ ਮਿੱਠੀ, ਐਕਸ ਸਰਵਿਸਮੈਨ ਵਿੰਗ ਦੇ ਜਿਲ੍ਹਾ ਪ੍ਰਧਾਨ ਬਲਦੇਵ ਸਿੰਘ, ਜਿਲ੍ਹਾ ਖਜਾਨਚੀ ਐੱਮ ਐੱਲ ਜਿੰਦਲ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
