ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਚੋਰਾਂ ਨੇ ਇੱਕ ਗੋਦਾਮ ਵਿੱਚੋਂ ਹਜ਼ਾਰਾਂ ਪੌਡ ਦੇ ਮੁੱਲ ਦੀ ਸ਼ਰਾਬ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸਕਾਟਲੈਂਡ ਦੇ ਕਮਨੌਕ ਵਿੱਚ ਕੈਲੇਡੋਨੀਅਨ ਵੇਅਰਹਾਊਸ ਤੋਂ 280 ਹਜ਼ਾਰ ਪੌਂਡ ਮੁੱਲ ਦੀ ‘ਬਲੂ ਵਿਕਿਡ’ ਸ਼ਰਾਬ ਸੋਮਵਾਰ ਦੀ ਸਵੇਰ ਨੂੰ ਚੋਰੀ ਕੀਤੀ ਗਈ ਹੈ। ਪੁਲਿਸ ਅਨੁਸਾਰ ਚੋਰ ਤਿੰਨ ਐਚ ਜੀ ਵੀ ਵਾਹਨ ਗੋਦਾਮ ਵਿੱਚ ਲੈ ਕੇ ਆਏ ਅਤੇ ਸ਼ਰਾਬ ਦੀਆਂ ਬੋਤਲਾਂ ਦੇ ਕਈ ਪੈਲੇਟ ਚੋਰੀਕਰਕੇ ਲੈ ਗਏ। ਇਸ ਉਪਰੰਤ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਸੋਮਵਾਰ ਰਾਤ ਕਰੀਬ 11:45 ਵਜੇ, ਡਮਫਰੈਸ਼ਾਇਰ ਵਿੱਚ ਮੇਨੌਕ ਅਤੇ ਐਂਟਰਕਿਨਫੁੱਟ ਦੇ ਵਿਚਕਾਰ ਏ 76 ਉੱਤੇ ਬਲੂ ਵਿਕਿਡ ਸ਼ਰਾਬ ਦੇ ਪੈਲੇਟਸ ਵਾਲਾ ਇੱਕ ਟਰੱਕ ਬਰਾਮਦ ਕੀਤਾ, ਜਿਸਨੂੰ ਅੱਗ ਲੱਗੀ ਹੋਈ ਸੀ। ਆਪਣੀ ਜਾਂਚ ਦੇ ਹਿੱਸੇ ਤਹਿਤ ਪੁਲਿਸ ਵੱਲੋਂ ਜਨਤਾ ਨੂੰ ਇਸ ਮਾਮਲੇ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
