ਦੇਸ਼ ਦੇ ਤਿੰਨ ਉਚ ਅਹੁਦਿਆਂ ’ਤੇ ਹਨ ਮਹਿਲਾਵਾਂ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਜਿਸ ਨੂੰ 6 ਫਰਵਰੀ 1840 ਨੂੰ ਵਾਇਟਾਂਗੀ ਸੰਧੀ ਦੇ ਬਾਅਦ ਇਕ ਤਰ੍ਹਾਂ ਨਾਲ ਬਿ੍ਰਟਿਸ਼ ਦੇ ਹਵਾਲੇ ਕਰ ਦਿੱਤਾ ਗਿਆ ਸੀ, ਅੱਜ ਕੱਲ੍ਹ ਪੂਰੀ ਤਰ੍ਹਾਂ ਗੋਰਿਆਂ ਦੀ ਸੰਵਿਧਾਨਕ ਅਗਵਾਈ ਦੇ ਵਿਚ ਹੈ। ਮਾਓਰੀ ਲੋਕਾਂ ਨੇ ਕਈ ਸਕੀਮਾਂ ਬਣਾ ਕੇ ਆਪਣੀਆਂ ਜ਼ਮੀਨਾਂ ਸਾਂਭਣ ਦੀ ਕੋਸ਼ਿਸ ਕੀਤੀ, ਪਰ ਬਹੁ ਸਭਿਅਕ ਮੁਲਕ ਹੋਣ ਕਰਕੇ ਹੌਲੀ-ਹੌਲੀ ਇਸਦੀ ਮਲਕੀਅਤ ਬਦਲਦੀ ਗਈ ਹੈ। ਦੇਸ਼ ਦੇ ਨਿਆਂ ਪ੍ਰਣਾਲੀ ਉਤੇ ਨਿਗ੍ਹਾ ਮਾਰਨੀ ਹੋਵੇ ਤਾਂ ਟ੍ਰਿਬਿਊਨਲ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅਦਾਲਤ, ਹਾਈ ਕੋਰਟ, ਕੋਰਟ ਆਫ ਅਪੀਲ ਅਤੇ ਸੁਪਰੀਮ ਕੋਰਟ ਤੱਕ ਜਾਂਦਾ ਹੈ। ਕੁਝ ਹੋਰ ਅਦਾਲਤਾਂ ਸਮਾਨਅੰਤਰ ਚੱਲ ਕੇ ਹਾਈ ਕੋਰਟ ਅਤੇ ਕੋਰਟ ਆਫ ਅਪੀਲ ਨਾਲ ਵੀ ਸਬੰਧ ਰੱਖਦੀਆਂ ਹਨ। ਇਸ ਵੇਲੇ ਜੇਕਰ ਅੰਕੜਿਆਂ ਉਤੇ ਨਿਗ੍ਹਾ ਮਾਰੀ ਜਾਵੇ ਤਾਂ ਦੇਸ਼ ਦੇ ਵਿਚ ਕੁੱਲ 241 ਦੇ ਕਰੀਬ ਵੱਖ-ਵੱਖ ਅਦਾਲਤਾਂ ਦੇ ਵਿਚ ਜੱਜ ਸਾਹਿਬਾਨ ਹਨ। ਲਿੰਗ ਅਨੁਪਾਤ ਅਨੁਸਾਰ ਤਕਰੀਬਨ 60% ਪੁਰਸ਼ ਹਨ ਅਤੇ 40% ਮਹਿਲਾਵਾਂ। ਜਿਨ੍ਹਾਂ ਵਿਚ 79% ਗੋਰੇ ਲੋਕ, 15% ਮਾਓਰੀ, 3% ਪੈਸੇਫਿਕ ਅਤੇ 2% ਭਾਰਤੀ ਅਤੇ 1% ਹੋਰ ਹਨ। ਕੋਰਟ ਆਫ ਅਪੀਲ ਅਤੇ ਸੁਪਰੀਮ ਕੋਰਟ ਦੇ ਵਿਚ ਅਜੇ ਭਾਰਤੀਆਂ ਨੇ ਖਾਤਾ ਨਹੀਂ ਖੋਲ੍ਹਿਆ ਹੈ। ਹਾਈਕੋਰਟ ਦੇ ਵਿਚ ਭਾਰਤੀ ਜੱਜਾਂ ਦੀ ਗਿਣਤੀ ਜਰੂਰ 2% ਤੱਕ ਪਹੁੰਚ ਗਈ ਹੈ। ਜ਼ਿਲ੍ਹਾ ਅਦਾਲਤ ਦੇ ਵਿਚੋਂ ਤਰੱਕੀ ਕਰਕੇ ਮਾਣਯੋਗ ਜੱਜ ਸਾਹਿਬਾਨ ਹਾਈ ਕੋਰਟ ਦੇ ਵਿਚ ਚਲੇ ਜਾਂਦੇ ਹਨ। ਹਾਈਕੋਰਟ ਦੇ ਵਿਚ ਮਾਣਯੋਗ ਪੁਰਸ਼ ਜੱਜ 59% ਹਨ। ਕੋਰਟ ਆਫ ਅਪੀਲ ਦੇ ਵਿਚ ਵੀ 10 ਵਿਚੋਂ ਸਿਰਫ 2 ਹੀ ਮਹਿਲਾ ਜੱਜ ਹਨ। ਜ਼ਿਲ੍ਹਾ ਅਦਾਲਤ ਦੇ ਵਿਚ 179 ਮਾਣਯੋਗ ਜੱਜ ਹਨ ਜਿਨ੍ਹਾਂ ਵਿਚ 76% ਜੱਜ ਗੋਰੇ, 18% ਮਾਓਰੀ ਅਤੇ 4% ਪੈਸੇਫਿਕ ਹਨ। 59% ਇਥੇ ਵੀ ਪੁਰਸ਼ ਜੱਜ ਹਨ। ਮਾਣਯੋਗ ਭਾਰਤੀ ਜੱਜਾਂ ਦੇ ਵਿਚ ਸ਼ਾਮਿਲ ਰਹੇ ਹਨ ਮਾਣਯੋਗ ਜੱਜ ਅਨੰਦ ਸਤਿਆਨੰਦ (ਗਵਰਨਰ ਜਨਰਲ ਵੀ ਬਣੇ) ਡਾ. ਅਜੀਤ ਸਵਰਨ ਸਿੰਘ (ਮੌਜੂਦਾ ਜੱਜ) ਅਤੇ ਮਾਣਯੋਗ ਜੱਜ ਸਵ. ਅਵੀਨਾਸ਼ ਗਣੇਸ਼ ਦੀਓਭਕਤਾ (ਭਾਰਤੀ ਮੂਲ ਦੇ ਪਹਿਲੇ ਜੱਜ) ਰਹੇ ਹਨ। ਨਿਊਜ਼ੀਲੈਂਡ ਦੇ ਵਿਚ ਕੁੱਲ ਜਨ ਸੰਖਿਆ ਚੋਂ 70% ਲੋਕ ਗੋਰੇ, 16.5% ਮਾਓਰੀ. 8.1% ਪੈਸੇਫਿਕ, 15.1% ਏਸ਼ੀਅਨ ਅਤੇ ਕੁਝ ਹੋਰ ਹਨ। 2018 ਦੀ ਜਨ ਸੰਖਿਆ ਮੁਤਾਬਿਕ 5.1% ਭਾਰਤੀ ਇਥੇ ਰਹਿੰਦੇ ਹਨ। ਮਹਿਲਾਵਾਂ ਦੀ ਗਿਣਤੀ ਭਾਵੇਂ ਨਿਆਂ ਪ੍ਰਣਾਲੀ ਦੇ ਵਿਚ ਭਾਵੇਂ ਘੱਟ ਹੈ, ਪਰ ਫਿਰ ਵੀ ਇਸ ਦੇਸ਼ ਨੂੰ ਚਲਾ ਰਹੀਆਂ ਤਿੰਨ ਮਹਿਲਾਵਾਂ ਇਸ ਵੇਲੇ ਉਚ ਅਹੁਦਿਆਂ ਉਤੇ ਹਨ। ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ (41) ਹੈ, ਦੇਸ਼ ਦੀ ਚੀਫ ਜੱਜ ਮਾਣਯੋਗ ਡੈਮ ਹੈਲਨ ਵਿਨਕਲਮਾਨ (59) ਅਤੇ ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਪੈਟਸੀ ਰੈਡੀ (67) ਹੈ।
