ਉਘੇ ਨਾਵਲਕਾਰ ਅਤੇ ਕਾਨੂੰਨਦਾਨ ਮਿੱਤਰਸੇਨ ਮੀਤ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਨਗੇ

ਮੋਗਾ (ਪੰਜ ਦਰਿਆ ਬਿਊਰੋ) ਪੰਜਾਬੀ ਵਿਚਾਰਕਾਂ ਵਿਚ ਇਨੀਂ ਦਿਨੀਂ “ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦੀ ਪੰਜਾਬੀ ਭਾਸ਼ਾ ਦੇ ਵਿਕਾਸ ਜਾਂ ਵਿਨਾਸ਼ ਵਿੱਚ ਭੂਮਿਕਾ” ਵਿਸ਼ੇ ਨੂੰ ਲੈ ਕੇ ਵੱਡੀ ਬਹਿਸ ਛਿੜੀ ਹੋਈ ਹੈ। ਇਸ ਬਹਿਸ- ਨੂੰ ਸਾਡੇ ਸਭ ਲਈ, ਇੱਕ ਸਾਰਥਕ ਸਿੱਟੇ ਤੱਕ ਲਿਜਾਣਾ ਅਤਿ ਜਰੂਰੀ ਹੋ ਗਿਆ ਹੈ। ਕਿਉਂਕਿ ਸਰਕਾਰਾਂ ਵੱਲੋਂ ਪਹਿਲਾਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦੁਰਕਾਰਿਆ ਜਾ ਰਿਹਾ ਹੈ। ਕਈ ਲੇਖਾਂ ਰਾਹੀਂ ਮਿੱਤਰ ਸੈਨ ਮੀਤ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਐਲਾਨੇ 108 ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕ੍ਰਿਆ ਤੇ ਵੱਡੇ ਪ੍ਰਸ਼ਨ ਉਠਾਏ ਹਨ। ਉਨ੍ਹਾਂ ਨੇ ਇਕ ਮੁੱਕਦਮਾ ਦਾਇਰ ਕਰਕੇ ਸਰਕਾਰ ਅਤੇ ਭਾਸ਼ਾ ਵਿਭਾਗ ਨੂੰ ਕਟਹਿਰੇ ਵਿੱਚ ਵੀ ਖੜਾ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਦੇ ਸੰਚਾਲਕ ਹੋਣ ਦੇ ਨਾਤੇ ਅਸੀਂ ਚਾਹੁੰਦੇ ਹਾਂ ਕਿ ਇਸ ਗੰਭੀਰ ਸਮੱਸਿਆ ਤੇ ਜਲਦੀ ਸਾਰਥਕ ਅਤੇ ਤਰਕਸੰਗਤ ਵਿਚਾਰ ਵਟਾਂਦਰਾ ਹੋਵੇ ਅਤੇ ਚਰਚਾ ਵਿੱਚ ਪੰਜਾਬੀ ਸਾਹਿਤਕਾਰਾਂ, ਪੱਤਰਕਾਰਾਂ, ਗੀਤਕਾਰਾਂ, ਕਲਾਕਾਰਾਂ, ਰਾਗੀਆਂ, ਗਾਇਕਾਂ , ਕਵੀਸ਼ਰਾਂ ਆਦਿ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਖੁਲਾ ਮੌਕਾ ਮਿਲੇ। ਇਸ ਲਈ 25 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲੂੰਬਾ ਭਵਨ ਬੱਸ ਸਟੈਂਡ ਮੋਗਾ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿਲ੍ਹਾ ਮੋਗਾ ਦੇ ਕਨਵੀਨਰ ਅਤੇ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਸ ਸੈਮੀਨਾਰ ਦੀ ਪ੍ਰਧਾਨਗੀ ਉਘੇ ਕਵੀ ਅਮਰ ਸੂਫੀ, ਉਘੇ ਸਾਹਿਤਕਾਰ ਮਹਿੰਦਰ ਸਿੰਘ ਸੇਖੋਂ ਅਤੇ ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ ਕਰਨਗੇ ਅਤੇ ਇਸ ਸੈਮੀਨਾਰ ਵਿੱਚ ਮੋਗਾ ਜਿਲ੍ਹੇ ਦੇ ਸਾਹਿਤਕਾਰ, ਪੱਤਰਕਾਰ, ਗਾਇਕ, ਗੀਤਕਾਰ, ਕਲਾਕਾਰ, ਰਾਗੀ, ਢਾਡੀ, ਕਵੀਸ਼ਰ, ਸਮਾਜ ਸੇਵੀ ਅਤੇ ਪੰਜਾਬੀ ਭਾਸ਼ਾ ਪ੍ਰੇਮੀ ਸ਼ਮੂਲੀਅਤ ਕਰਨਗੇ ਅਤੇ ਹਰ ਇੱਕ ਨੂੰ ਆਪਣੇ ਵਿਚਾਰ ਰੱਖਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਇਸ ਮੁੱਦੇ ਤੇ ਇੱਕ ਸਾਂਝੀ ਸਮਝ ਬਣਾ ਕੇ ਪੰਜਾਬੀ ਭਾਸ਼ਾ ਨੂੰ ਵਿਨਾਸ਼ ਵੱਲ ਜਾਣ ਤੋਂ ਰੋਕ ਕੇ ਵਿਕਾਸ ਵੱਲ ਧਿਆਨ ਕੇਂਦਰਿਤ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਉਘੇ ਨਾਵਲਕਾਰ ਮਿੱਤਰਸੇਨ ਮੀਤ ਮੁੱਖ ਬੁਲਾਰੇ ਵਜੋਂ ਸ਼ਮੂਲੀਅਤ ਕਰਨਗੇ ਜਦਕਿ ਉਘੇ ਸਾਹਿਤਕਾਰ ਰਜਿੰਦਰ ਪਾਲ ਸਿੰਘ, ਦਵਿੰਦਰ ਸੇਖਾ ਅਤੇ ਪ੍ਰੋ ਇੰਦਰਪਾਲ ਸਿੰਘ ਵੀ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖਣਗੇ। ਉਹਨਾਂ ਉਪਰੋਕਤ ਸਭ ਵਰਗਾਂ ਦੇ ਲੋਕਾਂ ਨੂੰ ਇਸ ਸੈਮੀਨਾਰ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਉਕਤ ਵਰਗ ਦੇ ਲੋਕਾਂ ਲਈ ਰੁਜ਼ਗਾਰ ਦਾ ਸਾਧਨ ਵੀ ਹੈ। ਜੇਕਰ ਅਸੀਂ ਸਮਾਂ ਰਹਿੰਦਿਆਂ ਇਸ ਵਿਸ਼ੇ ਤੇ ਨਹੀਂ ਬੋਲਾਂਗੇ ਤਾਂ ਇਹ ਮਾਤ ਭਾਸ਼ਾ ਦੇ ਨਾਲ ਵੱਡਾ ਧ੍ਰੋਹ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਉਘੇ ਕਵੀ ਅਮਰ ਸੂਫੀ, ਨਾਵਲਕਾਰ ਕ੍ਰਿਸ਼ਨ ਪ੍ਰਤਾਪ, ਲੇਖਕ ਬੇਅੰਤ ਕੌਰ ਗਿੱਲ, ਸੁਰਜੀਤ ਸਿੰਘ ਦੌਧਰ, ਰਾਜਵਿੰਦਰ ਰੌਂਤਾ, ਸਮਾਜ ਸੇਵੀ ਗੁਰਸੇਵਕ ਸਿੰਘ ਸੰਨਿਆਸੀ, ਗੁਰਨਾਮ ਸਿੰਘ ਲਵਲੀ ਅਤੇ ਸੁਖਦੇਵ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।