4.6 C
United Kingdom
Sunday, April 20, 2025

More

    ਸਰਕਾਰੀ ਰਣਬੀਰ ਕਾਲਜ ‘ਚ ਗ੍ਰੈਜੂਏਸ਼ਨ ਦੀਆਂ ਸੀਟਾਂ ਵਧਾਉਣ ਲਈ ਵਿਦਿਆਰਥੀ ਜਥੇਬੰਦੀਆਂ ਨੇ ਕੀਤਾ ਮਾਰਚ

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਰਣਬੀਰ ਕਾਲਜ ਵਿੱਚ ਚਾਰ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਦਾਖਲਾ ਸੀਟਾਂ ਵਧਾਉਣ ਦੀ ਮੰਗ ਲਈ ਮਾਰਚ ਕਰਨ ਤੋਂ ਬਾਅਦ ਕਾਲਜ ਪ੍ਰਿੰਸੀਪਲ ਪ੍ਰੋ. ਸੁਖਵੀਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਆਗੂ ਕੋਮਲ ਖਨੌਰੀ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗੁਰਪ੍ਰੀਤ ਜੱਸਲ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਸੰਦੀਪ ਕੌਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਹੇੜੀਕੇ ਨੇ ਦੱਸਿਆ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਜ਼ਿਲ੍ਹਾ ਦਾ ਨਾਮਵਰ ਅਤੇ ਘੱਟ ਫੀਸ ਵਿੱਚ ਸਿੱਖਿਆ ਦੇਣ ਵਾਲਾ ਵੱਡਾ ਕਾਲਜ ਹੈ ਪਰ ਇੱਥੇ ਦਾਖਲ ਹੋਣ ਲਈ ਲੋੜਵੰਦ ਵਿਦਿਆਰਥੀਆਂ ਦੀ ਗਿਣਤੀ ਦੇ ਅਨੁਸਾਰ ਸੀਟਾਂ ਬਹੁਤ ਘੱਟ ਹਨ, ਜਿਵੇਂ ਉਦਾਰਨ ਵਜੋਂ ਬੀਏ ਪਹਿਲੀ ਕਲਾਸ ਲਈ ਦਾਖਲਾ ਸੀਟਾਂ 800 ਹਨ ਪਰ ਦਾਖਲੇ ਲਈ ਅਰਜ਼ੀ ਦੇਣ ਵਾਲੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ 1500 ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਹੋਰ ਕਲਾਸਾਂ ਦੀ ਇਹੋ ਹਾਲਤ ਹੈ। ਵਿਦਿਆਰਥੀ ਆਗੂਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਥੇ ਦਾਖਲੇ ਤੋਂ ਇਨਕਾਰ ਕਰਨ ਤੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ ਵਿੱਚ ਮਹਿੰਗੀ ਫੀਸ ਭਰਕੇ ਲੁੱਟ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਮੌਕੇ ਮਾਰਚ ਕਰਨ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਵਿਦਿਆਰਥੀਆਂ ਵਿਚਕਾਰ ਆ ਕੇ ਮੰਗ ਲੈਣ ਪਹੁੰਚੇ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਸੀਟਾਂ ਵਧਾਉਣ ਲਈ ਅਗਲੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। ਇਸ ਮੌਕੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਵਿਦਿਆਰਥੀ ਵੀ ਹਮਾਇਤ ਵਜੋਂ ਸ਼ਾਮਲ ਹੋਏ। ਇੱਕ ਵੱਖਰੇ ਬਿਆਨ ਰਾਹੀਂ ਵਿਦਿਆਰਥੀ ਜੱਥੇਬੰਦੀਆਂ ਨੇ ਜਲ੍ਹਿਆਂਵਾਲਾ ਬਾਗ਼ ਦਾ ਅਸਲੀ ਸਰੂਪ ਬਦਲਣ ਲਈ ਮੋਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਅਤੇ ਸਾਮਰਾਜੀ ਜ਼ਬਰ ਦਾ ਪ੍ਰਤੀਕ ਜਲਿਆਂਵਾਲਾ ਬਾਗ ਦਾ ਅਸਲੀ ਸਰੂਪ ਬਰਕਰਾਰ ਰੱਖਣ ਦੀ ਮੰਗ ਕੀਤੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!