ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਮੁੜ ਆਪਣੇ ਰੰਗਾਂ ਵਿੱਚ ਪਰਤਦਾ ਨਜ਼ਰ ਆ ਰਿਹਾ ਹੈ। ਆਏ ਦਿਨ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਸਮਾਗਮ ਹੋ ਰਿਹਾ ਨਜ਼ਰੀਂ ਪੈਂਦਾ ਹੈ। ਗਲਾਸਗੋ ਸਥਿਤ ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵੱਲੋਂ ਗਣੇਸ਼ ਚਤੁਰਥੀ ਨਾਲ ਸਬੰਧਤ ਦਸ ਰੋਜ਼ਾ ਪੂਜਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਆਖਰੀ ਦਿਨ ਕੈਲਵਿਨਗਰੋਵ ਪਾਰਕ ਵਿਖੇ ਮਨਾਏ ਗਏ ਜਸ਼ਨਾਂ ਦੌਰਾਨ ਕੌਂਸਲੇਟ ਜਨਰਲ ਆਫ ਇੰਡੀਆ ਦਫਤਰ ਐਡਿਨਬਰਾ ਦੀ ਤਰਫੋਂ ਹੈੱਡ ਆਫ ਚਾਂਸਰੀ ਸੱਤਿਆਵੀਰ ਸਿੰਘ ਨੇ ਸ਼ਿਰਕਤ ਕੀਤੀ। ਗਲਾਸਗੋ ਇੰਡੀਅਨ ਨਾਲ ਜੁੜੇ ਸੈਂਕੜੇ ਸਾਥੀਆਂ ਵੱਲੋਂ ਢੋਲ ਢਮੱਕੇ ਰਾਹੀਂ ਇਸ ਸਮਾਗਮ ਨੂੰ ਯਾਦਗਾਰੀ ਬਣਾਇਆ ਗਿਆ। ਗਲਾਸਗੋ ਇੰਡੀਅਨ ਦੇ ਕਲਾਕਾਰਾਂ ਵੱਲੋਂ ਬਹੁਤ ਹੀ ਮਿਹਨਤ ਕਰਨ ਉਪਰੰਤ ਇਕਸੁਰ ਹੋ ਕੇ ਸੰਗੀਤਕ ਪੇਸ਼ਕਾਰੀ ਕੀਤੀ ਗਈ। ਇਸ ਸਮਾਗਮ ਦੀ ਸਮੁੱਚੇ ਭਾਈਚਾਰੇ ਨੂੰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਪੇਸ਼ ਕੀਤੀ ਗਈ। ਗਣੇਸ਼ ਜੀ ਦੀ ਮੂਰਤੀ ਨੂੰ ਟਾਰਬੈਟ ਦੇ ਪਾਣੀਆਂ ਵਿੱਚ ਪ੍ਰਵਾਹ ਕੀਤਾ ਗਿਆ।