ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਕੈਲੀਫੋਰਨੀਆ, ਜੋ ਕਿ ਕਿਸੇ ਸਮੇਂ ਦੇਸ਼ ਦਾ ਕੋਵਿਡ -19 ਦਾ ਕੇਂਦਰ ਸੀ, ਹੁਣ ਪ੍ਰਤੀ 100,000 ਲੋਕਾਂ ਪਿੱਛੇ ਸਭ ਤੋਂ ਘੱਟ ਪਾਜੇਟਿਵ ਕੇਸ ਦਰ ਦੀ ਰਿਪੋਰਟ ਕਰ ਰਿਹਾ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ ਤੱਕ, ਕੈਲੀਫੋਰਨੀਆ ਵਿੱਚ 100,000 ਲੋਕਾਂ ਲਈ 24.99 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ। ਕੈਲੀਫੋਰਨੀਆ ਦੇ ਸਿਹਤ ਵਿਭਾਗ ਦੇ ਅਨੁਸਾਰ, ਸਟੇਟ ਨੇ ਪਿਛਲੇ ਅੱਠ ਹਫਤਿਆਂ ਵਿੱਚ ਰੋਜ਼ਾਨਾ ਔਸਤਨ 8,172 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਅਤੇ ਇਸੇ ਸਮੇਂ ਦੌਰਾਨ ਪ੍ਰਤੀ ਦਿਨ ਕੋਵਿਡ-19 ਕਾਰਨ 92 ਮੌਤਾਂ ਵੀ ਹੋਈਆਂ।ਜਦਕਿ ਸਿਹਤ ਵਿਭਾਗ ਦੇ ਅਨੁਸਾਰ, ਸ਼ਨੀਵਾਰ ਤੱਕ, ਕੈਲੀਫੋਰਨੀਆ ਦੀ 77% ਤੋਂ ਵੱਧ ਆਬਾਦੀ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ।
ਸੀ ਡੀ ਸੀ ਦੀ ਰਿਪੋਰਟ ਅਨੁਸਾਰ, ਬੁੱਧਵਾਰ ਨੂੰ, ਕੈਲੀਫੋਰਨੀਆ ‘ਚ ਵਾਇਰਸ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਪੱਧਰ ਕਾਫੀ ਘੱਟ ਸੀ ਹਾਲਾਂਕਿ, ਸ਼ਨੀਵਾਰ ਤੱਕ, ਕੈਲੀਫੋਰਨੀਆ ਦੀ ਸੰਚਾਰ ਦਰ ਥੋੜੀ ਵੱਧ ਦਰਜ ਹੋਈ। ਸਿਰਫ ਮੋਡੋਕ ਕਾਉਂਟੀ, ਲਸੇਨ ਕਾਉਂਟੀ, ਸੀਅਰਾ ਕਾਉਂਟੀ ਅਤੇ ਮੋਨੋ ਕਾਉਂਟੀ ਨੇ ਘੱਟ ਸੰਚਾਰ ਦਰਾਂ ਦੀ ਰਿਪੋਰਟ ਕੀਤੀ। ਦਸੰਬਰ 2020 ਵਿੱਚ, ਕੈਲੀਫੋਰਨੀਆ ਕੋਵਿਡ -19 ਦੇ 20 ਲੱਖ ਕੇਸਾਂ ਦੀ ਪੁਸ਼ਟੀ ਕਰਨ ਵਾਲਾ ਪਹਿਲਾ ਰਾਜ ਸੀ। ਸਟੇਟ ਦੇ ਸਿਹਤ ਵਿਭਾਗ ਦੇ ਅਨੁਸਾਰ, ਸ਼ਨੀਵਾਰ ਤੱਕ ਸੂਬੇ ਵਿੱਚ ਕੁੱਲ 4,406,854 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।
