ਭੱਟੀ ਭੜੀਵਾਲਾ

ਹੇ ਮੇਰੇ ਪਿਆਰੇ ਰੱਬ ਜੀ,
ਮੈਂ ਅਾਪ ਜੀ ਦਾ ਪੈਦਾ ਕੀਤਾ ਇਕ ਜੀਵ ਇਨਸਾਨ ਆਪਜੀ ਨੂੰ ਏਸ ਖੱਤ ਰਾਹੀਂ ਅੱਜ ਪੂਰੇ ਬ੍ਰਹਿਮੰਡ ਦੀ ਮੌਜੂਦਾ ਸਥਿਤੀ ਤੇ ਹਾਲਾਤਾਂ ਤੋਂ ਜਾਣੂੰ ਕਰਵਾਾਉਣਾ ਚਾਹੁੰਦਾ ਹਾਂ ਜੀ !
ਰੱਬ ਜੀ, ਤੁਸੀਂ ਤਾਂ ਸਭ ਜਾਣੀਂ ਜਾਣ ਹੋ.. ਪਿਛਲੇ ਕੁਝ ਸਮੇਂ ਤੋਂ ਅਸੀਂ ਮਨੁੱਖਾਂ ਨੇ ਆਪਜੀ ਦੀ ਹੋਂਦ ਤੇ ਹੁਕਮ ਨੂੰ ਦਿਲੋਂ ਸਵੀਕਾਰ ਕਰ ਲਿਆ ਹੈ ਜੀ ! ਹੁਣ ਅਸੀਂ ਦੁਨੀਆਵੀ ਜੀਵ ਧਰਤੀ ਤੇ ਇਨਸਾਨ ਬਣਕੇ ਰਹਿਣਾ ਸਿੱਖ ਗਏ ਹਾਂ ਤੇ ਹੁਣ ਅਸੀਂ ਤੇਰੀ ਬਣਾਈ ਦੁਨੀਆਂ ਤੇ ਕਾਇਨਾਤ ਨੂੰ ਸੁੰਦਰ ਤੇ ਰਹਿਣਯੋਗ ਬਣਾਉਣ ਲਈ ਹੇਠ ਲਿਖੀਆਂ ਸਭ ਬੁਰਾਈਆਂ ਤੋਂ ਤੌਬਾ ਕਰ ਲਈ ਹੈ ਜੀ !
- ਰੱਬ ਜੀ..ਹੁਣ ਅਸੀਂ ਬੰਦਿਆਂ ਵਾਂਗ ਘਰੇ ਟਿਕ ਕੇ ਬੈਠਣਾ ਸਿੱਖ ਲਿਆ ਹੈ ਅਸੀਂ ਆਲਤੂ,ਫਾਲਤੂ ਐਧਰ ਓਧਰ ਭੱਜਣਾ ਬੰਦ ਕਰ ਦਿੱਤਾ ਹੈ !
- ਅਸੀਂ ਹੁਣ ਚੋਰੀ ਚਕੋਰੀ ਤੋਂ ਤੌਬਾ ਕਰ ਲਈ ਹੈ !
- ਅਸੀਂ ਹੁਣ ਹੋਰਾਂ ਨਾਲ ਧੋਖੇ ਕਰਨੇ ਵੀ ਬੰਦ ਕਰ ਦਿੱਤੇ ਨੇ ਜੀ !
- ਅਸੀਂ ਹੁਣ ਬੇਬੱਸ ਤੇ ਲਾਚਾਰ ਕੁੜੀਆਂ ਨਾਲ ਬਲਾਤਕਾਰ ਕਰਨੇ ਵੀ ਬੰਦ ਕਰ ਦਿੱਤੇ ਨੇ !
- ਅਸੀਂ ਹੁਣ ਜ਼ਮੀਨਾਂ ਜਾਇਦਾਦਾਂ ਤੇ ਪੈਸੇ ਦੇ ਲਾਲਚ ਲਈ ਬੰਦੇ/ ਆਪਣੇ ਹੀ ਸਕੇ ਭਰਾ ਮਾਰਨੇ ਵੀ ਬੰਦ ਕਰ ਦਿੱਤੇ ਨੇ ਜੀ !
- ਅਸੀਂ ਤੇਰੇ ਬਣਾਏ ਦਰਿਆ, ਝੀਲਾਂ, ਨਹਿਰਾਂ ਤੇ ਨਾਲਿਆਂ ਵਿੱਚ ਆਪਣੇ ਘਰਾਂ,ਸ਼ਹਿਰਾਂ ਤੇ ਫੈਕਟਰੀਆਂ ਦਾ ਗੰਦ ਵੀ ਗੇਰਨਾ ਬੰਦ ਕਰ ਦਿੱਤਾ ਹੈ !
- ਹੁਣ ਅਸੀਂ ਸਕੂਟਰ, ਮੋਟਰ ਸਾਈਕਲ, ਬੱਸਾਂ, ਕਾਰਾਂ , ਟ੍ਰੇਨਾਂ ਤੇ ਹਵਾਈ ਜਹਾਜ਼ਾਂ ਦੇ ਧੂੰਏ ਨਾਲ ਤੇਰੀ ਹਵਾ ਤੇ ਪੌਣ ਪਾਣੀ ਨੂੰ ਗੰਧਲਾ ਕਰਨਾ ਬੰਦ ਕਰ ਦਿੱਤਾ ਹੈ!
- ਅਸੀਂ ਹੁਣ ਪੈਸੇ ਦੇ ਲਾਲਚ ਚ ਆ ਕੇ ਰਿਸ਼ਵਤਖੋਰੀ, ਬੇਈਮਾਨੀ ਤੇ ਠੱਗੀ ਠੋਰੀ ਵੀ ਜਮਾਂ ਹੀ ਬੰਦ ਕਰਤੀ ਹੈ!
- ਅਸੀਂ ਹੁਣ ਗਰੀਬਾਂ, ਮਜ਼ਲੂਮਾਂ ਤੇ ਲਾਚਾਰਾਂ ਤੇ ਭੁੱਖਿਆਂ ਨੂੰ ਰੋਟੀ ਖਿਲਾਉਣਾ ਵੀ ਸਿੱਖ ਗਏ ਹਾਂ !
ਸੋ ਰੱਬ ਜੀ ਅਸੀਂ ਹੁਣ ਆਪਣੇ ਉਹ ਸਾਰੇ ਔਗੁਣ ਤਿਆਗ ਦਿੱਤੇ ਹਨ ਜੋ ਤੇਰੀ ਬਣਾਈ ਦੁਨੀਆਂ ਤੇ ਕੁਦਰਤ ਤੇ ਸਿਰ ਤੇ ਬੋਝ ਤੇ ਮੱਥੇ ਤੇ ਕਾਲੰਕ ਬਣਦੇ ਜਾ ਰਹੇ ਸਨ ! ਤੁਸੀਂ ਹੁਣ ਸਾਡੇ ਵੱਲੋਂ ਲਏ ਗਏ ਸਖ਼ਤ ਕਦਮਾਂ ਦੀ ਪੜਚੋਲ ਕਿਸੇ ਵੇਲੇ ਚੈੱਕ ਕਰ ਸਕਦੇ ਹੋ ਜੀ ! - ਰੱਬ ਜੀ ਆਪਣੇ ਪਾਣੀ, ਹਵਾ, ਆਕਾਸ਼ ਚੈਕ ਲੋ ਜੀ ਸਭ ਕੁਝ ਸਾਫ ਹੋ ਗਿਐ ਜੀ !
- ਹੁਣ ਤਾਂ ਸਾਡੇ ਜਲੰਧਰ ਤੋਂ ਵੀ ਪਹਾੜ ਸਾਫ ਸਾਫ ਦਿੱਖਣ ਲੱਗ ਪਏ ਨੇ !
- ਬਠਿੰਡੇ ਤੋ ਕਸੌਲੀ ਦਾ ਟਾਵਰ ਵੀ ਨਜ਼ਰ ਆਉਣ ਲੱਗ ਪਿਐ ਜੀ !
- ਪਿੰਡ ਭੜੀ ਤੋਂ ਹੁਣ ਚੱਪੜ ਚਿੜੀ ਵਾਲਾ ਫਤਹਿ ਮੀਨਾਰ ਜਮਾਂ ਈ ਸਾਫ ਦਿੱਖਣ ਲੱਗ ਪਿਐ ਜੀ !
- ਆਕਾਸ਼ ਚ ਕਈ ਮੀਲਾਂ ਦੂਰ ਉੱਡਦੀਆਂ ਇੱਲਾਂ ਤੇ ਕੂੰਜਾਂ ਦੀ ਗਿਣਤੀ ਵੀ ਅਸੀਂ ਹੁਣ ਸੋਖਿਆਂ ਹੀ ਕਰ ਲੈਂਦੇ ਹਾਂ !
- ਹੁਣ ਮੋਰ ਤੇ ਹਿਰਨਾਂ ਦੇ ਟੋਲੇ ਸਾਡੇ ਪੱਥਰਾਂ ਦੇ ਸ਼ਹਿਰ ਚੰਡੀਗੜ੍ਹ ਦੀਆਂ ਗਲ਼ੀਆਂ ਤੇ ਪਾਰਕਾਂ ਚ ਅਕਸਰ ਘੰਮਦੇ ਨਜ਼ਰ ਆਉਂਦੇ ਨੇ !
- ਮੋਬਾਇਲ ਟਾਵਰਾਂ ਦੀ ਰੇਡੀਏਸ਼ਨ ਤੋਂ ਡਰਕੇ ਭੱਜੀਆਂ ਚਿੜੀਆਂ ਦੀ ਚੀਂ ਚੀਂ ਵੀ ਹੁਣ ਚਾਰ ਚੁਫੁੇਰੇ ਸੁਣਾੲਈ ਦੇਂਦੀ ਹੈ !
- ਹੁਣ ਸਾਡੇ ਗੀਤਾਂ ਵਿੱਚ ਵੀ ਗੋਲੀਆਂ, ਗੰਡਾਸੇ, ਗੰਨਾਂ ਤੇ ਗੈਂਗਸਟਰਾਂ ਦੀ ਗੱਲ ਵੀ ਨੀ ਹੁੰਦੀ !
- ਟੀ. ਵੀ ਤੇ ਚੱਲਦੇ ਪ੍ਰੋਗਰਾਮਾਂ ਚ ਵੀ ਹੁਣ ਤੁਹਾਡੀ ਤੇ ਤੁਹਾਡੇ ਵੱਲੋਂ ਬਣਾਈ ਪ੍ਰਕਿਰਤੀ ਦੀਆਂ ਸਿਫ਼ਤ ਸਲਾਹਾਂ ਹੁੰਦੀਆਂ ਨੇ ਜੀ !
- ਸੋ ਰੱਬ ਜੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਸਾਡੇ ਵੱਲੋਂ ਆਪਜੀ ਦੇ ਉਪਰੋਕਤ ਹੁਕਮਾਂ ਦੀ ਪਾਲਣਾ ਤੇ ਆਪਜੀ ਦੀ ਪ੍ਰਕਿਰਤੀ ਨੂੰ ਪਹਿਲਾਂ ਵਰਗਾ ਸਾਫ਼ ਸੁਥਰਾ ਬਣਾਉਣ ਲਈ ਪਾਏ ਗਏ ਸਾਡੇ ਸਭ ਦੇ ਯੋਗਦਾਨ ਨੂੰ ਧਿਆਨ ਚ’ ਰੱਖਦੇ ਹੋਏ ਸਾਨੂੰ ਆਹ ਚੀਨੀ ਬਿਮਾਰੀ ” ਕਰੋਨਾ ” ਦੇ ਕਹਿਰ ਤੋਂ ਬਚਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ, ਅਸੀਂ ਏਸ ਧਰਤੀ ਤੇ ਵੱਸਦੇ ਸਾਰੇ ਹੀ ਮਨੁੱਖ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ ਜੀ !!
- ਬਹੁਤ ਹੀ ਪਿਆਰ, ਸਤਿਕਾਰ ਤੇ ਅਦਬ ਨਾਲ,
- ਤੁਹਾਡੇ ਆਪਣੇ,
- ਏਸ ਧਰਤੀ ਦੇ ਵਾਸੀ !!