ਸਿੱਖਿਆ ਮੰਤਰੀ ਦੀ ਰਿਹਾਇਸ਼ ਅੱਗੇ ਅਤੇ ਟੈਂਕੀ ‘ਤੇ ਸੰਗਰੂਰ ਵਿਖੇ ਪੱਕੇ ਮੋਰਚੇ ਜਾਰੀ
27ਵੇਂ ਦਿਨ ਵੀ ਸੰਗਰੂਰ ਟੈਂਕੀ ‘ਤੇ ਡਟਿਆ ਮੁਨੀਸ਼ ਫਾਜ਼ਿਲਕਾ
ਲਹਿਰਾਗਾਗਾ (ਦਲਜੀਤ ਕੌਰ ਭਵਾਨੀਗੜ੍ਹ) ਘਰ- ਘਰ ਰੁਜ਼ਗਾਰ ਦਾ ਵਾਅਦਾ ਕਰਕੇ ਸੱਤਾ ਉਪਰ ਕਾਬਜ ਹੋਈ ਕਾਂਗਰਸ ਸਰਕਾਰ ਲੋੜਵੰਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਨਾਕਾਮ ਹੋ ਚੁੱਕੀ ਹੈ। ਦੂਜੇ ਪਾਸੇ ਚੋਣ ਵਾਅਦਿਆ ਨੂੰ ਪੂਰਾ ਕਰਾਉਣ ਲਈ ਵੱਖ-ਵੱਖ ਵਰਗਾਂ ਦੇ ਬੇਰੁਜ਼ਗਾਰ ਤਿੱਖਾ ਸੰਘਰਸ਼ ਕਰ ਰਹੇ ਹਨ। ਸਥਾਨਕ ਜੀ. ਪੀ. ਐੱਫ. ਧਰਮਸ਼ਾਲਾ ਲਹਿਰਾਗਾਗਾ ਵਿਖੇ ਪੰਜਾਬ ਸਰਕਾਰ ਵੱਲੋਂ ਲਗਾਏ ਰੁਜ਼ਗਾਰ ਮੇਲੇ ਵਿੱਚ ਸਥਿਤੀ ਉੁਸ ਸਮੇਂ ਤਣਾਅ ਪੂਰਨ ਅਤੇ ਹਾਸੋਹੀਣੀ ਬਣ ਗਈ ਜਦੋਂ ਅਧਿਆਪਨ ਕਾਰਜ ਨਿਭਾਉਣ ਦੀਆਂ ਉੱਚ ਯੋਗਤਾਵਾਂ ਰੱਖਦੇ ਵੱਡੀ ਗਿਣਤੀ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕ ਆਪਣੀਆਂ ਮੰਗਾਂ ਨਾਲ ਸੰਬੰਧਿਤ ਚਾਰਟ ਤੇ ਬੈਨਰ ਲੈਕੇ ਨਾਅਰੇਬਾਜ਼ੀ ਕਰਦੇ ਹੋਏ ਰੁਜ਼ਗਾਰ ਮੇਲੇ ਵਿੱਚ ਦਾਖਲ ਹੋ ਗਏ। ਯੂਨੀਅਨ ਆਗੂ ਕੁਲਦੀਪ ਸਿੰਘ ਭੁਟਾਲ ਦੀ ਅਗਵਾਈ ਵਿੱਚ ਪਹੁੰਚੇ ਬੇਰੁਜ਼ਗਾਰਾਂ ਨੇ ਦੋਸ਼ ਲਗਾਇਆ ਕਿ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਸੰਗਰੂਰ ਅਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੁਲਿਸ ਦੀਆਂ ਡਾਂਗਾ ਦਾ ਸੇਕ ਝੱਲ ਰਹੇ ਹਨ। ਜਿਹਨਾਂ ਨੂੰ ਰੁਜ਼ਗਾਰ ਦੀ ਬਜਾਏ ਪਰਚੇ ਦਿੱਤੇ ਜਾ ਰਹੇ ਹਨ। ਕਰੀਬ ਸਾਢੇ ਅੱਠ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਮੋਰਚਾ ਜਾਰੀ ਹੈ, ਜਿੱਥੋਂ ਸਿੱਖਿਆ ਮੰਤਰੀ ਲਾਪਤਾ ਹਨ। ਦੂਜੇ ਪਾਸੇ ਫਾਜਲਿਕਾ ਦਾ ਬੇਰੁਜ਼ਗਾਰ ਨੌਜਵਾਨ ਮੁਨੀਸ਼ ਕੁਮਾਰ 21 ਅਗਸਤ ਤੋਂ ਸੰਗਰੂਰ ਵਿਖੇ ਹੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉਪਰ ਚੜਿਆ ਹੋਇਆ ਹੈ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਦਰਜਨਾਂ ਥਾਵਾਂ ਉੱਤੇ ਅਜਿਹੇ ਮੇਲਿਆਂ ਦੇ ਡਰਾਮਿਆਂ ਦਾ ਪਰਦਾ ਚਾਕ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ 19 ਅਤੇ 23 ਸਤੰਬਰ ਨੂੰ ਮੁੜ ਮੋਤੀ ਮਹਿਲ ਜਾਣਗੇ ਕਿਉਂਕਿ ਕਾਂਗਰਸ ਸਰਕਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਆਸਾਮੀਆਂ ਵੱਡੀ ਗਿਣਤੀ ਵਿੱਚ ਭਰਨ ਤੋਂ ਟਾਲਾ ਵੱਟਣ ਸਮੇਤ ਅਨੇਕਾਂ ਹੋਰ ਮੰਗਾਂ ਨੂੰ ਦਰ ਕਿਨਾਰ ਕਰਦੀ ਆ ਰਹੀ ਹੈ। ਇਸ ਸਮੇਂ ਗੋਰਖਾ ਕੋਟੜਾ, ਸੁਖਪਾਲ ਖਾਨ, ਹਰਦੀਪ ਭੁਟਾਲ, ਦੀਪ ਲਹਿਰਾਂ, ਗੁਰਤੇਜ ਖਾਈ, ਰਾਜਵੀਰ ਕੌਰ ਦੇਹਲਾ, ਪਰਮਜੀਤ ਕੌਰ, ਪਰਮਿੰਦਰ ਕੌਰ, ਮਨਵੀਰ ਕੌਰ, ਕਿਰਨਾਂ, ਜਸਵੀਰ ਕੌਰ, ਮਨਦੀਪ ਕੌਰ, ਅਵਤਾਰ ਸਿੰਘ ਆਦਿ।
