ਕਾਲਜ ਖੋਲ੍ਹ ਕੇ ਆਫਲਾਈਨ ਕਲਾਸਾਂ ਸ਼ੁਰੂ ਕਰਨ ਦੀ ਮੰਗ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਕਰੋਨਾ ਕਾਲ ਦੇ ਦੌਰਾਨ ਬੰਦ ਕੀਤੇ ਗਏ ਸਰਕਾਰੀ ਰਣਬੀਰ ਕਾਲਜ ਨੂੰ ਖੁਲਵਾਉਣ ਲਈ ਤਿੰਨ ਵਿਦਿਆਰਥੀ ਜਥੇਬੰਦੀਆਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਕਾਲਜ ਵਿੱਚ ਆਫਲਾਈਨ ਕਲਾਸਾਂ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਰੈਲੀ ਕਰਨ ਉਪਰੰਤ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਮਨਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਗੁਰਪ੍ਰੀਤ ਜੱਸਲ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਰਮਨ ਕਾਲਾਝਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕਰੋਨਾ ਦਾ ਬਹਾਨਾ ਬਣਾ ਕੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਕਰਕੇ ਸਰਕਾਰ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ, ਜਿਸ ਦਾ ਮੁੱਖ ਅਜੰਡਾ ਆਨਲਾਈਨ ਸਿੱਖਿਆ ਨੂੰ ਬੜਾਵਾ ਦੇਣਾ ਹੈ। ਅੱਜ ਜਦੋਂ ਸਾਰੇ ਸਾ਼ਪਿੰਗ ਮਾਲ, ਬਾਜ਼ਾਰ, ਸਿਨੇਮੇ ,ਜਿੰਮ ਆਦਿ ਖੁੱਲਾ ਹੈ ਪਰ ਕਰੋਨਾ ਦਾ ਬਹਾਨਾ ਬਣਾਕੇ ਅੱਜ ਵੀ ਕਾਲਜ ਬੰਦ ਪਏ ਹਨ। ਅੱਜ ਜਦੋਂ ਵਿਦਿਆਰਥੀ ਦੋ ਘੰਟੇ ਦਫ਼ਤਰ ਦੇ ਬਾਹਰ ਬੈਠੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ ਤਾਂ ਵੀ ਕਾਲਜ ਪ੍ਰਿੰਸੀਪਲ ਵੱਲੋਂ ਬਾਹਰ ਆਕੇ ਵਿਦਿਆਰਥੀਆਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਵਿਦਿਆਰਥੀਆਂ ਵਿੱਚ ਇਸ ਗੱਲ ਪ੍ਰਤੀ ਬਹੁਤ ਗ਼ੁੱਸਾ ਸੀ। ਪਰ ਜਦੋਂ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਿੰਸੀਪਲ ਉਸੇ ਸਮੇਂ ਹੀ ਬਾਹਰ ਆ ਗਏ।
ਪ੍ਰਿੰਸੀਪਲ ਸਾਹਿਬ ਵੱਲੋਂ ਕਿਹਾ ਗਿਆ ਕਿ ਅਸੀਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਸੰਗਰੂਰ,ਡੀ ਪੀ ਆਈ ਕਾਲਜਾਂ ਨੂੰ ਕਾਲਜ ਖੋਲ੍ਹਣ ਦੀ ਮੰਗ ਨੂੰ ਲੈਕੇ ਮੰਗ ਪੱਤਰ ਭੇਜ ਚੁੱਕੇ ਹਾਂ ਪਰ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਵਿਦਿਆਰਥੀਆਂ ਨੇ ਹਵਾਲਾ ਦਿੱਤਾ ਕੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਆਫਲਾਈਨ ਕਲਾਸਾਂ ਲੱਗ ਰਹੀਆਂ ਹਨ। ਪਟਿਆਲੇ ਜਿਲ੍ਹੇ ਵਿੱਚ ਮਹਿੰਦਰਾ ਕਾਲਜ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਦੀ ਪ੍ਰਵਾਨਗੀ ਨਾਲ ਕਾਲਜ਼ਾਂ ਵਿਚ ਆਫਲਾਈਨ ਕਲਾਸਾਂ ਲੱਗ ਰਹੀਆਂ ਹਨ।
ਵਿਦਿਆਰਥੀ ਜਥੇਬੰਦੀਆਂ ਨੇ ਅਗਲਾ ਪ੍ਰੋਗਰਾਮ ਤੈਅ ਕੀਤਾ ਕਿ 22 ਸਤੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਡੈਪੂਟੇਸ਼ਨ ਰਾਹੀਂ ਮਿਲਿਆ ਜਾਵੇਗਾ। ਇਸ ਮੌਕੇ ਪੀਐੱਸਯੂ (ਲਲਕਾਰ)ਵੱਲੋਂ ਸਾਥੀ ਬਬਲੂ ਨੇ ਇਨਕਲਾਬੀ ਗੀਤ ਗਾਇਆ। ਸਟੇਜ ਸੈਕਟਰੀ ਦੀ ਭੂਮਿਕਾ ਪੀਆਰਐੱਸਯੂ ਵੱਲੋਂ ਸੰਦੀਪ ਕੌਰ ਨੇ ਨਿਭਾਈ। ਇਸ ਮੌਕੇ ਅਭੀ, ਦਲਵੀਰ ਸਿੰਘ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਹਾਜ਼ਰ ਸਨ।
