
ਚੰਡੀਗੜ: ਅੱਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਉਘੇ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਉਨਾਂ ਦੇ ਜਨਮ ਦਿਨ ਮੌਕੇ ਯਾਦ ਕਰਦਿਆਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਗੁਰਸ਼ਰਨ ਸਿੰਘ ਇਕ ਸੰਸਥਾ ਦਾ ਰੂਪ ਸਨ। ਅੜੇ ਥੁੜੇ,ਕਿਰਤੀਆਂ, ਮਜਦੂਰਾਂ ਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਕੇ ਉਹ ਲੋਕਾਂ ਦੇ ਮਨਾਂ ਵਿਚ ਵੱਸ ਗਏ। ਡਾ ਪਾਤਰ ਨੇ ਆਖਿਆ ਕਿ ਉਨਾਂ ਦੇ ਨਾਟਕ ਪੇਂਡੂ ਕਿਰਤੀ ਲੋਕਾਂ ਦੀ ਜੁਬਾਨ ਬਣੇ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਗੁਰਸ਼ਰਨ ਸਿੰਘ ਇਕ ਸੁਲਝੇ ਹੋਏ ਤਰਕਸ਼ੀਲ, ਜਾਗਰੂਕ ਮਨੁੱਖ,ਲੋੜ ਵੰਦਾਂ ਦੇ ਮਸੀਹਾ ਤੇ ਕਲਾਵਾਨ ਲੋਕਾਂ ਦੇ ਹਮਦਰਦ ਸਨ। ਡਾ ਯੋਗਰਾਜ ਨੇ ਆਖਿਆ ਕਿ ਪਾਕਿਸਤਾਨ ਦੇ ਮੁਲਤਾਨ ਵਿਖੇ 16 ਸਤੰਬਰ 1929 ਨੂੰ ਪੈਦਾ ਹੋਕੇ ਸੰਨ 2011 ਦੇ 27 ਸਤੰਬਰ ਨੂੰ ਵਿਛੋੜਾ ਦੇ ਗਏ ਭਾਅ ਜੀ ਨੇ ਆਪਣਾ ਸਮੁੱਚਾ ਆਪਾ ਲੋਕਾਈ ਤੇ ਨਾਟਕ ਨੂੰ ਸਮਰਪਿਤ ਕੀਤਾ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸੰਦੇਸ਼ ਵਿਚ ਆਖਿਆ ਕਿ ਭਾਅ ਜੀ ਤੇ ਭਾਈ ਮੰਨਾ ਸਿੰਘ ਕਰਕੇ ਪਿਆਰੇ ਸਤਿਕਾਰੇ ਗਏ ਗੁਰਸ਼ਰਨ ਸਿੰਘ ਦਾ ਦੂਰਦਰਸ਼ਨ ਜਲੰਧਰ ਤੋਂ ਲੜੀਵਾਰ ਭਾਈ ਮੰਨਾਂ ਸਿੰਘ ਲੋਕਾਂ ਨੂੰ ਅਜ ਵੀ ਯਾਦ ਹੈ। ਡਾ ਜੌਹਲ ਨੇ ਆਖਿਆ ਕਿ ਸਿਵਲ ਇੰਜਨੀਅਰ ਬਣਕੇ ਭਾਅ ਜੀ ਅਫਸਰੀ ਨਾ ਕਰ ਸਕੇ ਤੇ ਲੋਕਾਂ ਵਾਸਤੇ ਨਾਟਕ ਲਿਖਣ ਤੇ ਖੇਡਣ ਲਗੇ। ਉਨਾ ਪੰਜਾਬ ਨੂੰ ਅਣਗਿਣਤ ਕਲਾਕਾਰ ਦਿਤੇ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਆਪਣੇ ਸ਼ਬਦਾਂ ਵਿਚ ਆਖਿਆ ਕਿ ਗੁਰਸ਼ਰਨ ਸਿੰਘ ਨੇ ਕੇਵਲ ਪੰਜਾਬ ਹੀ ਨਹੀਂ ਸਗੋਂ ਦੇਸ਼ ਬਦੇਸ਼ ਵੀ ਪੰਜਾਬੀ ਨਾਟਕ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਉਨਾ ਆਖਿਆ ਕਿ ਕਿਤਾਬੀ ਰੂਪ ਵਿਚ ਵੀ ਉਨਾ ਦੇ ਚੋਣਵੇਂ ਨਾਟਕ ਪਾਠਕਾਂ ਕੋਲ ਮੌਜੂਦ ਹਨ। ਉਹ ਇਕ ਵਧੀਆ ਵਕਤਾ ਵੀ ਸਨ ਤੇ ਮਿਲਾਪੜੇ ਸੁਭਾਅ ਵਾਲੇ ਇਨਸਾਨ ਵੀ ਸਨ। ਅੱਜ ਪੰਜਾਬ ਕਲਾ ਪਰਿਸ਼ਦ ਉਨਾਂ ਦੇ ਜਨਮ ਦਿਨ ਮੌਕੇ ਉਨਾਂ ਨੂੰ ਸਿਜਦਾ ਕਰ ਰਹੀ ਹੈ।
ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।