ਮੋਗਾ (ਮਿੰਟੂ ਖੁਰਮੀ)

ਮੋਗਾ ਚਾਹ ਜੋਗਾ ਹੀ ਨਹੀਂ ਮੁਹੱਬਤਾਂ ਜੋਗਾ ਵੀ ਏ, ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਦਾ ਸ਼ਹਿਰ ਵੀ ਏ। ਕਰੋਨਾ ਤੋਂ ਜਾਗਰੂਕ ਕਰਨ ਵਾਲੇ ਸਰਦਾਰ ਬਲਵਿੰਦਰ ਸਿੰਘ ਦੇ ਨਾਲ ਨਾਲ 98 ਸਾਲਾਂ ਕਰੋਨਾ ਯੋਧਾ ਬੇਬੇ ਗੁਰਦੇਵ ਕੌਰ ਦਾ ਪਿਆਰਾ ਸ਼ਹਿਰ ਵੀ ਏ। ਬੇਬੇ ਗੁਰਦੇਵ ਕੌਰ ਜੀ ਦੀ ਖ਼ਾਸੀਅਤ ਇਹ ਹੈ ਕਿ ਬੇਬੇ ਜੀ ਇੱਕ ਸਦੀ ਦੇ ਹੋਣ ਦੇ ਬਾਵਜੂਦ ਵੀ ਲੋਕ ਸੇਵਾ ਨੂੰ ਪ੍ਰਣਾਈ ਸਖਸ਼ੀਅਤ ਵਜੋਂ ਉਭਰੇ ਹਨ। ਜੋ ਆਪਣੇ ਪਰਿਵਾਰ ਦੀਆਂ ਸੁਆਣੀਆਂ ਨਾਲ ਲੋਕ ਸੇਵਾ ਵਜੋਂ ਲੋਕਾਂ ਦੀ ਸਿਹਤ ਦਾ ਖ਼ਿਆਲ ਕਰਦਿਆਂ ਮਾਸਕ ਬਣਾ ਕੇ ਵੰਡ ਰਹੇ ਹਨ। ਬੇਬੇ ਜੀ ਦੀ ਤਰੀਫ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾ ਨੂੰ ਕਰੋਨਾ ਖਿਲਾਫ਼ ਜੰਗ ਲੜ ਰਹੇ ਯੋਧੇ ਵਜੋਂ ਮਾਣ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਸੀਂ ਬੇਬੇ ਗੁਰਦੇਵ ਕੌਰ ਜੀ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹਾਂ। ਉਹਨਾਂ ਪੰਜਾਬ ਦੇ ਲੋਕਾਂ ਨੂੰ ਬੇਬੇ ਗੁਰਦੇਵ ਕੌਰ ਅਤੇ ਹੋਰ ਕਰੋਨਾ ਯੋਧਿਆਂ ਦੇ ਸਨਮਾਨ ਵਜੋਂ ਘਰ ਵਿੱਚ ਰਹਿਣ ਜ਼ਰੂਰੀ ਕੰਮ ਹੋਣ ਤੇ ਮਾਸਕ ਪਹਿਨ ਕੇ ਜਾਣ ਦੀ ਸਲਾਹ ਦਿੰਦਿਆ ਕਿਹਾ ਕਿ ਪੰਜਾਬ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ ਅਤੇ ਕਿਸੇ ਦਾ ਜਾਨੀ ਨੁਕਸਾਨ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ।