4.6 C
United Kingdom
Sunday, April 20, 2025

More

    ਵਿਦਿਆਰਥੀਆਂ ਨੇ ਸੰਗਰੂਰ ‘ਚ ਰੈਲੀ ਤੇ ਰੋਸ ਮਾਰਚ ਕਰਕੇ ਡੀ.ਸੀ. ਦਫ਼ਤਰ ਸੰਗਰੂਰ ਅੱਗੇ ਦਿੱਤਾ ਧਰਨਾ

    ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਵੱਖ-ਵੱਖ ਪਿੰਡਾਂ ਦੇ ਸਕੂਲਾਂ ਕਾਲਜਾਂ ਦੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਿਦਿਆਰਥੀਆਂ ਨੇ ਸਥਾਨਕ ਬਨਾਸਰ ਬਾਗ ‘ਚ ਰੋਸ-ਰੈਲੀ ਕਰਨ ਉਪਰੰਤ ਸੰਗਰੂਰ ਸ਼ਹਿਰ ‘ਚ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੁੱਖ ਬਜ਼ਾਰਾਂ ਵਿੱਚ ਰੋਸ਼ ਮਾਰਚ ਕੀਤਾ ਗਿਆ। ਰੋਸ਼ ਮਾਰਚ ਕਰਨ ਉਪਰੰਤ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਦਿੱਤਾ ਅਤੇ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਹਰਮਨ ਕੌਰ ਘਨੌਰੀ ਤੇ ਰਾਮਵੀਰ ਸਿੰਘ ਹੇਡ਼ੀਕੇ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਗਏ 10 ਫ਼ੀਸਦੀ ਵਾਧੇ ਖ਼ਿਲਾਫ਼, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐੱਸ. ਸੀ. ਵਿਦਿਆਰਥੀਆਂ ਦੇ ਦਾਖਲੇ ਬਿਨਾਂ ਕਿਸੇ ਫ਼ੀਸ ਤੋਂ ਕਰਨ ਲਈ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ (ਈ.ਬੀ.ਸੀ.) ਤਹਿਤ ਢਾਈ ਲੱਖ ਤੋਂ ਘੱਟ ਆਮਦਨ ਵਾਲੇ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਵਾਲਾ ਫ਼ੈਸਲਾ ਲਾਗੂ ਕਰਾਉਣ ਅਤੇ ਇਸ ਦੀ ਇਨਕਮ ਸੀਮਾ ਵਧਾਉਣ, ਲੜਕੀਆਂ ਦੇ ਸਮੁੱਚੀ ਵਿੱਦਿਆ ਮੁਫ਼ਤ ਕਰਵਾਉਣ, ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਲੈਣਾ ਬੰਦ ਕਰਨ, ਪ੍ਰੋਫੈਸਰਾਂ ਦੀ ਪੱਕੀ ਭਰਤੀ ਕਰਵਾਉਣ, ਗੈਸਟ ਫੈਕਲਟੀ ਅਧਿਆਪਕਾਂ ਨੂੰ ਤਨਖਾਹ ਸਰਕਾਰੀ ਖਜ਼ਾਨੇ ਵਿਚੋਂ ਦੇਣ, ਰੀਗਲ ਸਿਨੇਮਾ ਦੀ ਇਤਿਹਾਸਕ ਇਮਾਰਤ ਅਤੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਗੁਪਤ ਟਿਕਾਣਾ ਬਚਾਉਣ ਆਦਿ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਸੰਗਰੂਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਕੋਰੋਨਾ ਦੀ ਆੜ ਹੇਠ ਫੀਸਾਂ ਵਿੱਚ 10 ਫ਼ੀਸਦੀ ਵਾਧਾ ਕੀਤਾ ਗਿਆ ਹੈ, ਜਿਸ ਦਾ ਬੋਝ ਵਿਦਿਆਰਥੀਆਂ ਤੇ ਪੈ ਰਿਹਾ ਹੈ। ਦਲਿਤ ਵਿਦਿਆਰਥੀਆਂ ਤੋਂ ਵੀ ਦਾਖ਼ਲੇ ਸਮੇਂ ਫੀਸ ਦੀ ਮੰਗ ਕੀਤੀ ਗਈ ਹੈ ਜੋ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਉਲੰਘਣਾ ਹੈ।  ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੀ ਬਹੁਤ ਮੰਦੀ ਹਾਲਤ ਹੈ ਜਿਸ ਕਰਕੇ ਉਹ ਆਪਣੇ ਬੱਚਿਆਂ ਦੀ ਫੀਸ ਭਰਨ ਤੋਂ ਅਸਮਰੱਥ ਹਨ ਅਤੇ ਛੋਟੀ ਕਿਸਾਨੀ ਦੇ ਬੱਚੇ ਸਿੱਖਿਆ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਈ.ਬੀ.ਸੀ. ਦੀ ਮਦ ਨੂੰ ਲਾਗੂ ਕੀਤਾ ਜਾਵੇ, ਉਨ੍ਹਾਂ ਦੀ ਆਮਦਨ ਦੀ ਸੀਮਾ ਡੇਢ ਲੱਖ ਤੋਂ ਵਧਾਈ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਲੜਕੀਆਂ ਲਈ ਹਰ ਪੱਧਰ ਦੀ ਮੁਫ਼ਤ ਸਿੱਖਿਆ ਦੀ ਗੱਲ ਕੀਤੀ ਪਰ ਲਾਗੂ ਨਹੀਂ ਕੀਤੀ। ਕੈਪਟਨ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਜਿਸ ਵਿੱਚ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਗੁਪਤ ਟਿਕਾਣਾ ਜਿਸ ਨੂੰ ਸਾਂਭਣ ਦਾ ਨਵੇਂ ਬਣੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਆਨ ਵੀ ਦਿੱਤਾ ਸੀ ਪਰ ਆਪਣੇ ਬਿਆਨਾਂ ਨੂੰ ਪੂਰਾ ਨਹੀਂ ਕੀਤਾ ਹੈ।  ਇਸ ਮੌਕੇ ਭਰਾਤਰੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਵੀ ਸੰਬੋਧਨ ਕੀਤਾ ਇਸ ਤੋਂ ਇਲਾਵਾ ਆਕਾਸ਼ ਸਿੰਘ ਕਾਲਾਬੂਲਾ, ਜਸਵਿੰਦਰ ਸਿੰਘ, ਸਤਨਾਮ ਸਿੰਘ ਸ਼ੇਰਪੁਰ, ਸੁਖਮਨ ਸਿੰਘ, ਗਗਨਦੀਪ ਸਿੰਘ, ਗੁਰਦੀਪ ਸਿੰਘ ਕਾਲਾਬੂਲਾ, ਹੀਰਾ ਸਿੰਘ, ਅਨਵਰ ਖਾਂ, ਕੁਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!