ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਵਿੱਚ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਨਸ਼ਿਆਂ ਨਾਲ 700 ਤੋਂ ਵੱਧ ਮੌਤਾਂ ਹੋਈਆਂ ਹਨ। ਸਕਾਟਲੈਂਡ ਦੀ ਡਰੱਗਜ਼ ਪਾਲਿਸੀ ਮੰਤਰੀ ਐਂਜੇਲਾ ਕਾਂਸਟੈਂਸ ਦੁਆਰਾ ਦੱਸੇ ਗਏ ਇਹਨਾਂ ਅੰਕੜਿਆਂ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਥੋੜ੍ਹੀ ਜਿਹੀ ਗਿਰਾਵਟ ਦਰਜ ਹੋਈ ਹੈ। ਅੰਕੜਿਆਂ ਅਨੁਸਾਰ 2021 ਦੀ ਜਨਵਰੀ ਅਤੇ ਜੂਨ ਦੇ ਵਿਚਕਾਰ, 722 ਸ਼ੱਕੀ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ 2020 ਦੀ ਗਿਣਤੀ ਨਾਲੋਂ 9 ਘੱਟ ਹਨ। ਕਾਂਸਟੈਂਸ ਨੇ ਕਿਹਾ ਕਿ ਇਹ ਅੰਕੜੇ ਭਿਆਨਕ ਹਨ ਅਤੇ ਸਰਕਾਰ ਇਸ ਜਨਤਕ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਬਹੁਤ ਸਾਰੀਆਂ ਕਾਰਵਾਈਆਂ ਕਰ ਰਹੀ ਹੈ। ਉਹਨਾਂ ਦੱਸਿਆ ਕਿ ਸਕਾਟਲੈਂਡ ਸਰਕਾਰ ਅਗਲੇ ਤਿੰਨ ਸਾਲਾਂ ਵਿੱਚ ਸਿਹਤ ਸੁਧਾਰ ਸਕਾਟਲੈਂਡ ਵਿੱਚ 2.3 ਮਿਲੀਅਨ ਪੌਂਡ ਦਾ ਨਿਵੇਸ਼ ਕਰ ਰਹੀ ਹਾਂ ਤਾਂ ਜੋ ਲੋਕਾਂ ਦੀ ਸਰੀਰਕ ਸਿਹਤ ਦੇ ਨਾਲ ਮਾਨਸਿਕ ਸਿਹਤ ਦਾ ਵੀ ਇਲਾਜ ਕੀਤਾ ਜਾ ਸਕੇ।