ਮਾਤਾ ਜ਼ਿਲ੍ਹਾ ਅਦਾਲਤ ਦੀ ਜੱਜ ਤੇ ਪਤਨੀ ਹੈ ਬੈਰਿਸਟਰ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਇਸ ਵੇਲੇ ਕਰੋਨਾ ਤਾਲਾਬੰਦੀ ਕਾਰਨ ਦੋ ਭਾਗਾਂ ਵਿਚ ਹੈ। ਔਕਲੈਂਡ ਖੇਤਰ ਦਾ ਇਕ ਵੱਡਾ ਹਿੱਸਾ ਪੱਧਰ 4 ’ਤੇ ਹੈ ਅਤੇ ਬਾਕੀ ਦੇਸ਼ ਪੱਧਰ-2 ਉਤੇ ਹੈ। ਪੱਧਰ-4 ਤੋਂ ਪੱਧਰ-2 ਅੰਦਰ ਦਾਖਿਲ ਹੋਣਾ ਪਵੇ ਤਾਂ ਸਿਰਫ ਜ਼ਰੂਰੀ ਕੰਮਾਂ ਵਾਲੇ ਟ੍ਰੈਵਲ ਪਾਸ ਵਿਖਾ ਕੇ ਜਾ ਸਕਦੇ ਹਨ। ਵਕੀਲਾਂ ਨੂੰ ਇਹ ਛੋਟ ਸੀ ਕਿ ਉਹ ਅਦਾਲਤ ਦੇ ਕਿਸੇ ਜ਼ਰੂਰੀ ਕੰਮ ਵਾਸਤੇ ਤਾਲਾਬੰਦੀ ਪੱਧਰ ਤੋਂ ਬਾਹਰ ਜਾ ਸਕਦੇ ਸਨ ਪਰ ਉਹ ਇੰਸ਼ੈਸ਼ੀਅਲ ਵਰਕਰ (ਲੋੜਵੰਦ) ਸ਼੍ਰੇਣੀ ਵਿਚ ਨਹੀਂ ਆਉਂਦੇ। ਪਰ ਇਨ੍ਹਾਂ ਕਾਨੂੰਨੀ ਸ਼ਰਤਾਂ ਬਾਰੇ ਜਿਨ੍ਹਾਂ ਨੂੰ ਜਿਆਦਾ ਪਤਾ ਹੁੰਦਾ ਹੈ ਉਹੀ ਵਕੀਲ ਪਿਛਲੇ ਸ਼ੁੱਕਰਵਾਰ ਕਾਨੂੰਨ ਨਾਲ ਹੁਸ਼ਿਆਰੀ ਵਰਤਦਿਆਂ ਔਕਲੈਂਡ ਦਾ ਬਾਰਡਰ ਇਹ ਕਹਿ ਕੇ ਟੱਪ ਗਏ ਕਿ ਉਹ ਜ਼ਰੂਰੀ ਕੰਮ ਬਾਹਰ ਜਾ ਰਹੇ ਹਨ। ਉਨ੍ਹਾਂ ਅੱਗਲੇ ਸ਼ਹਿਰ ਹਮਿਲਟਨ ਤੋਂ ਫਲਾਈਟ ਫੜੀ ਵਾਇਆ ਰਾਜਧਾਨੀ ਵਲਿੰਗਟਨ ਹੁੰਦੇ ਹੋਏ ਫਿਰ 1500 ਕਿਲੋਮੀਟਰ ਦੂਰ ਸ਼ਹਿਰ ਸੈਰ ਸਪਾਟੇ ਵਾਲੇ ਸ਼ਹਿਰ ਕੂਈਨਜ਼ ਟਾਊਨ ਨੇੜੇ ਵਨਾਂਕਾ ਸ਼ਹਿਰ ਵਿਖੇ ਆਪਣੇ ਪਿਤਾ ਜੀ ਦੇ ਹਾਲੀਡੇਅ ਘਰ ਵਿਖੇ ਕਿਰਾਏ ਦੀ ਕਾਰ ਲੈ ਕੇ ਛੁੱਟੀਆਂ ਬਿਤਾਉਣ ਪਹੁੰਚ ਗਏ। ਘੋੜ ਸਵਾਰੀ (ਜੰਪਿੰਗ) ਦਾ ਗੋਲਡ ਕੱਪ ਜੇਤੂ ਅਤੇ ਸਪੋਰਟਸ ਘੋੜਿਆਂ ਦੀ ਕੰਪਨੀ ਦਾ ਡਾਇਰੈਕਟਰ ਜਿਸ ਦਾ ਨਾਂਅ ਵਿਲੀਅਨ ਜੌਹਨ (35) ਹੈ। ਇਸਦੇ ਨਾਲ ਗਈ ਉਸਦੀ ਪਾਰਟਨਰ ਬੈਰਸਿਟਰ ਪਾਰਟਨਰ 26 ਸਾਲਾ ਹਾਨਾਹ ਰਾਨਸੇ ਵੀ ਨਾਲ ਗਈ ਸੀ। ਘੋੜਿਆ ਦਾ ਸ਼ੌਕੀਨ ਇਹ ਵਿਅਕਤੀ ਅਤੇ ਉਸਦੀ ਪਾਰਟਨਰ (ਜੋੜੀ) ਝੂਠ ਬੋਲ ਕੇ ਬਾਰਡਰ ਤਾਂ ਟੱਪ ਗਈ ਪਰ ਕੀੜੇ-ਮਕੌੜਿਆਂ ਵਰਗੇ ਕਿਊ. ਆਰ. ਕੋਡ (ਟਰੇਸਰ ਐਪ) ਨੇ ਉਨ੍ਹਾਂ ਦੀ ਪੈੜ ਨੱਪ ਲਈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਸਿਹਤ ਵਿਭਾਗ ਨੇ ਤਾਲਾਬੰਦੀ ਦੌਰਾਨ ਲੋਕਾਂ ਦੇ ਆਵਾਜ਼ਾਈ ਵਾਲੇ ਸਥਾਨਾਂ ਦੀ ਪੈੜ ਲੱਭਣ ਲਈ ‘ਕੋਵਿਡ ਟ੍ਰੇਸਰ ਐਪ’ ਬਣਾਈ ਹੋਈ ਹੈ। ਇਹ ਐਪ ਲਗਪਗ ਹਰ ਥਾਂ ਲਾਜ਼ਮੀ ਹੈ ਅਤੇ ਲੋਕਾਂ ਨੂੰ ਸਮਾਰਟ ਫੋਨ ਉਤੇ ਇਸਨੂੰ ਵਰਤਣ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਮੁੱਖ ਦੁਆਰਾ ਉਤੇ ਰੱਖੇ ਗਏ ਰਜਿਸਟਰ ਉਤੇ ਪਤਾ ਭਰਨਾ ਹੁੰਦਾ ਹੈ। ਇਸ ਐਪ ਦੇ ਰਾਹੀਂ ਕੰਪਿਊਟਰ ਨੂੰ ਪਤਾ ਲੱਗਿਆ ਕਿ ਇਹ ਜੋੜੀ ਕਿੱਥੋਂ ਨਿਕਲੀ ਅਤੇ ਕਿੱਥੇ ਪਹੁੰਚੀ। ਪੁਲਿਸ ਨੇ ਐਪ ਦੀ ਨਿਸ਼ਾਨਦੇਹੀ ਤੋਂ ਉਨ੍ਹਾਂ ਨੂੰ ਲੱਭ ਲਿਆ। ਹੁਣ ਮਾਮਲਾ ਅਦਾਲਤ ਦੇ ਵਿਚ ਜਾ ਪੁੱਜਾ ਹੈ। ਮਾਤਾ ਔਕਲੈਂਡ ਜ਼ਿਲ੍ਹਾ ਅਦਾਲਤ ਵਿਚ ਹੋਣ ਕਰਕੇ ਇਹ ਮਾਮਲਾ ਵਲਿੰਗਟਨ ਜਾਵੇਗਾ। ਕਰੋਨਾ ਕਾਨੂੰਨ ਜਾਂ ਸ਼ਰਤਾਂ ਦੀ ਉਲੰਘਣਾ ਕਰਨ ਦੇ ਲਈ ਪੁਲਿਸ ਨੇ ਇਨ੍ਹਾਂ ਵਿਰੁੱਧ ਦੋਸ਼ ਪੱਤਰ ਆਇਦ ਕਰਨੇ ਹਨ। ਪਹਿਲਾਂ ਇਸ ਜੋੜੀ ਦਾ ਨਾਂਅ ਗੁਪਤ ਰੱਖਿਆ ਗਿਆ ਸੀ, ਪਰ ਅੱਜ ਸ਼ਾਮ ਜਨਤਕ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਦੀ ਮਾਂ ਮਾਣਯੋਗ ਔਕਲੈਂਡ ਜ਼ਿਲ੍ਹਾ ਅਦਾਲਤ ਦੇ ਵਿਚ ਜੱਜ ਸਾਹਿਬਾ ਹੈ, ਜੋ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ। ਇਸ ਜੋੜੇ ਨੇ ਪੂਰੇ ਦੇਸ਼ ਕੋਲੋਂ ਮਾਫੀ ਮੰਗੀ ਹੈ ਅਤੇ ਆਪਣੀ ਗਲਤੀ ਸਵੀਕਾਰ ਕੀਤੀ ਹੈ। ਇਸ ਜੋੜੇ ਨੂੰ ਸੋਸ਼ਲ ਮੀਡੀਆ ਉਤੇ ਬਹੁਤ ਸਾਰੇ ਬੁਰੇ ਕੁਮੈਂਟ ਵੀ ਸੁਨਣੇ ਪਏ ਹਨ। ਲੋਕਾਂ ਨੇ ਕਿਹਾ ਕਿ ਇਨ੍ਹਾਂ ਨੇ ਕਰੋਨਾ ਦੀ ਰੋਕਥਾਮ ਦੇ ਵਿਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ ਹੈ ਤੇ ਦੇਸ਼ ਦੇ ਦੂਜੇ ਹਿਸਿਆਂ ਦੇ ਵਿਚ ਕਰੋਨਾ ਫੈਲਾਉਣ ਲਈ ਖਤਰਾ ਬਣੇ ਹਨ। ਉਂਜ ਇਸ ਜੋੜੇ ਦਾ ਕਰੋਨਾ ਨਤੀਜਾ ਨੈਗੇਟਿਵ ਆਇਆ ਹੈ। ਜੋੜੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੇ ਦੇਸ਼ ਵਾਸੀਆਂ ਨੂੰ ਆਪਣੀ ਇਸ ਹਰਕਤ ਨਾਲ ਸ਼ਰਮਸਾਰ ਕੀਤਾ ਹੈ ਤੇ ਲੋਕਾਂ ਕੋਲੋਂ ਮਾਫੀ ਮੰਗੀ ਹੈ। ਉਹ ਕਾਫੀ ਪਛਤਾਵੇ ਦਾ ਪ੍ਰਗਟਾਵਾ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਦਾ ਵਨਾਕਾ ਛੁੱਟੀਆਂ ਕੱਟਣ ਜਾਣਾ ਬਹੁਤ ਗੈਰ ਜ਼ਿੰਮੇਵਾਰਾਨਾ ਸੀ। ਪਰ ਕਹਿੰਦੇ ਨੇ ਕਈ ਵਾਰ ਵਰਤੀ ਹੁਸ਼ਿਆਰੀ ਦੁਖਿਆਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਅਤੇ ਇਨ੍ਹਾਂ ਨਾਲ ਏਦਾਂ ਹੋ ਹੋਈ।
